ਕਰੋਨਾ ਤੋਂ ਬਾਅਦ ਭਾਰਤ ਚ ਇਸ ਬਿਮਾਰੀ ਦਾ ਖਤਰਾ,WHO ਨੇ ਜਾਰੀ ਕੀਤੀ ਚੇਤਾਵਨੀ
ਖਸਰਾ ਇੱਕ ਛੂਤ ਦੀ ਬਿਮਾਰੀ ਹੈ। ਹਾਲਾਂਕਿ, ਇਹ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। ਪਰ ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ। ਇਹ ਬਿਮਾਰੀ ਮੀਜ਼ਲਜ਼ ਨਾਂ ਦੇ ਵਾਇਰਸ ਕਾਰਨ ਹੁੰਦੀ ਹੈ, ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਆਸਾਨੀ ਨਾਲ ਫੈਲ ਸਕਦੀ ਹੈ। WHO ਦੀ ਹਾਲ ਹੀ ਵਿੱਚ ਜਾਰੀ ਰਿਪੋਰਟ ਅਨੁਸਾਰ 57 ਦੇਸ਼ਾਂ ਵਿੱਚ ਖਸਰੇ ਦੀ ਬਿਮਾਰੀ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਵਿੱਚ ਭਾਰਤ ਦੂਜੇ ਸਥਾਨ ‘ਤੇ ਹੈ। ਇਸ ਦਾ ਕਾਰਨ ਖਸਰੇ ਦੇ ਟੀਕਾਕਰਨ ਵਿੱਚ ਕਮੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ‘ਤੇ 22.2 ਮਿਲੀਅਨ ਬੱਚੇ 2023 ਵਿਚ ਆਪਣੀ ਪਹਿਲੀ ਟੀਕੇ ਦੀ ਖੁਰਾਕ ਤੋਂ ਖੁੰਝ ਗਏ, ਜੋ ਪਿਛਲੇ ਸਾਲਾਂ ਦੇ ਮੁਕਾਬਲੇ 2 ਪ੍ਰਤੀਸ਼ਤ ਵੱਧ ਹੈ।
ਦੱਸ ਦੇਈਏ ਕਿ ਖਸਰਾ ਇੱਕ ਛੂਤ ਦੀ ਬਿਮਾਰੀ ਹੈ, ਜੋ ਛਿੱਕ ਅਤੇ ਖੰਘਣ ਨਾਲ ਹੋ ਸਕਦੀ ਹੈ। ਬੱਚੇ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਆਸਾਨੀ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਖਸਰੇ ਦੇ ਲੱਛਣ
ਖਸਰੇ ਦੇ ਲੱਛਣ ਹਨ ਬੁਖਾਰ, ਸੁੱਕੀ ਖੰਘ, ਨੱਕ ਵਗਣਾ ਜਾਂ ਬੰਦ ਹੋਣਾ, ਅੱਖਾਂ ਵਿੱਚ ਜਲਨ ਅਤੇ ਲਾਲੀ, ਸਰੀਰ ‘ਤੇ ਲਾਲ ਧੱਫੜ, ਮੂੰਹ ਦੇ ਅੰਦਰ ਚਿੱਟੇ ਧੱਬੇ।
ਖਸਰੇ ਦਾ ਇਲਾਜ
ਹਾਲਾਂਕਿ, ਇਸ ਬਿਮਾਰੀ ਦਾ ਕੋਈ ਖਾਸ ਇਲਾਜ ਨਹੀਂ ਹੈ, ਪਰ ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹੋ। ਜਿਵੇਂ ਕਿ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ, ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲਓ, ਆਪਣੀ ਖੁਰਾਕ ਵਿੱਚ ਵੱਧ ਤੋਂ ਵੱਧ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਸ਼ਾਮਲ ਕਰੋ, ਘਰ ਨੂੰ ਸਾਫ਼ ਰੱਖੋ ਅਤੇ ਜੇਕਰ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੀ ਕਹਿੰਦੀ ਹੈ WHO ਦੀ ਰਿਪੋਰਟ
ਦੱਸ ਦਈਏ ਕਿ ਵਿਸ਼ਵ ਪੱਧਰ ‘ਤੇ ਖਸਰੇ ਦੀਆਂ ਘਟਨਾਵਾਂ ‘ਚ 20 ਫੀਸਦੀ ਦਾ ਵਾਧਾ ਹੋਇਆ ਹੈ। 2023 ਵਿੱਚ ਖਸਰੇ ਦੇ 10.3 ਮਿਲੀਅਨ ਮਾਮਲੇ ਦਰਜ ਕੀਤੇ ਗਏ ਹਨ। ਜਿਸ ਵਿੱਚ ਅਨੁਮਾਨਿਤ ਮੌਤਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8 ਫੀਸਦੀ ਵਾਧਾ ਹੋਇਆ ਹੈ।