ਲੁਧਿਆਣਾ : ਅਕਾਦਮਿਕ ਸਾਲ 2022-23 ’ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ‘ਮਿਸ਼ਨ 100 ਪ੍ਰਤੀਸ਼ਤ ਗਿਵ ਔਰ ਬੈਸਟ’ ਲਾਂਚ ਕੀਤਾ ਗਿਆ ਸੀ। 100 ਫ਼ੀਸਦੀ ਸਫਲਤਾ ਯਕੀਨੀ ਕਰਨ ਦੇ ਅਭਿਲਾਸ਼ੀ ਟੀਚੇ ਨਾਲ ਮਿਸ਼ਨ ਨੇ ਸਾਰਥਕ ਨਤੀਜੇ ਦਿੱਤੇ ਹਨ, ਜੋ ਸਿੱਖਿਆ ਪ੍ਰਣਾਲੀ ਦੀ ਉਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਫਿਰ ਸਾਰੇ ਸਕੂਲ ਪ੍ਰਮੁੱਖਾਂ ਨੂੰ ਆਗਾਮੀ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ਤੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਆਪਣੇ ਪੱਧਰ ’ਤੇ ਯਤਨ ਸ਼ੁਰੂ ਕਰਨ ਦਾ ਜਾਣੂੰ ਕਰਵਾਇਆ।
ਐੱਸ. ਸੀ. ਈ. ਆਰ. ਟੀ. ਦੇ ਡਾਇਰੈਕਟਰ ਅਵਿਸ਼ੇਕ ਗੁਪਤਾ ਵੱਲੋਂ ਜਾਰੀ ਪੱਤਰ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ‘ਮਿਸ਼ਨ 100 ਪ੍ਰਤੀਸ਼ਤ ਗਿਵ ਔਰ ਬੈਸਟ’ ਜ਼ਰੀਏ ਨਿਰਧਾਰਿਤ ਉੱਚ ਮਾਪਦੰਡਾਂ ਨੂੰ ਬਣਾਈ ਰੱਖਣ ਅਤੇ ਪਿਛਲੇ ਅਕਾਦਮਿਕ ਸਾਲ ’ਚ ਪ੍ਰਾਪਤ ਸਕਾਰਾਤਮਕ ਨਤੀਜਿਆਂ ਨੂੰ ਜਾਰੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਾਰੇ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ਾਂ ਦਿੱਤੇ ਗਏ ਹਨ ਕਿ ਉਹ ਵਿਸ਼ਾ ਅਧਿਆਪਕਾਂ ਨੂੰ ਐਕਸਟ੍ਰਾ ਕਲਾਸਾਂ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਵਾਧੂ ਕਲਾਸਾਂ ਲਗਾਉਣੀਆਂ ਸ਼ੁਰੂ ਕਰਨ। ਇਨ੍ਹਾਂ ਯਤਨਾਂ ਦਾ ਪੂਰਾ ਰਿਕਾਰਡ ਸਕੂਲ ਪ੍ਰਿੰਸੀਪਲ ਵੱਲੋਂ ਰੱਖਿਆ ਜਾਵੇਗਾ।
ਸਕੂਲ ਤੋਂ ਪਹਿਲਾਂ ਜਾਂ ਬਾਅਦ ’ਚ ਲੱਗਣਗੀਆਂ ਕਲਾਸਾਂ
ਵਿਦਿਆਰਥੀਆਂ ਦੇ ਪ੍ਰਦਰਸ਼ਨ ਲਈ ਵਿਸ਼ਾ ਅਧਿਆਪਕ ਸਤੰਬਰ 2023 ’ਚ ਉਨ੍ਹਾਂ ਦੇ ਟਰਮ-1 ਨਤੀਜੇ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਵਰਗੀਕ੍ਰਿਤ ਕਰਨਗੇ। 40 ਫ਼ੀਸਦੀ ਤੋਂ ਘੱਟ ਅੰਕ, 40 ਤੋਂ 80 ਫ਼ੀਸਦੀ ਤੋਂ ਜ਼ਿਆਦਾ ਅੰਕ ਵਾਲੇ ਵਿਦਿਆਰਥੀਆਂ ਲਈ ਗਰੁੱਪ ਬਣਾਏ ਜਾਣਗੇ। ਹਰ ਗਰੁੱਪ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਵਾਧੂ ਕਲਾਸਾਂ ਆਯੋਜਿਤ ਕੀਤੀਆਂ ਜਾਣਗੀਆਂ।
12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮਿਲੇਗੀ, ਨੀਟ, ਜੇ. ਈ. ਈ. ਅਤੇ ਕਲੈਟ ਦੀ ਕੋਚਿੰਗ
ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨੀਟ, ਜੇ. ਈ. ਈ. ਅਤੇ ਕਲੈਟ ਵਰਗੀਆਂ ਪ੍ਰੀਖਿਆਵਾਂ ਦੇ ਮਹੱਤਵ ਨੂੰ ਪਛਾਣਦੇ ਹੋਏ ਅਧਿਆਪਕਾਂ ਨੂੰ 12ਵੀਂ ਦੇ ਵਿਦਿਆਰਥੀਆਂ ਲਈ ਵਾਧੂ ਕਲਾਸਾਂ ਆਯੋਜਿਤ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਇਨ੍ਹਾਂ ਕਠਿਨ ਪ੍ਰੀਖਿਆਵਾਂ ’ਚ ਸਫ਼ਲਤਾ ਲਈ ਜ਼ਰੂਰੀ ਕੌਸ਼ਲ ਅਤੇ ਗਿਆਨ ਨਾਲ ਲੈਸ ਕਰਨਾ ਹੈ।