ਭਗਵੰਤ ਮਾਨ ਸਰਕਾਰ ਆਉਣ ਮਗਰੋਂ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਸੀ ਪਰ ਹੁਣ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਚੁੱਕ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਅਪਰੈਲ ਵਿੱਚ ਹੀ ਸ਼ਰਾਬ ਦੇ ਰੇਟ ਤੈਅ ਹੋ ਜਾਂਦੇ ਸੀ ਪਰ ਹੁਣ ਠੇਕੇਦਾਰ ਆਪਣੀ ਮਨ ਮਰਜ਼ੀ ਨਾਲ ਭਾਅ ਵਧਾ ਰਹੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇੱਕੋ ਸ਼ਹਿਰ ਵਿੱਚ ਠੇਕੇਦਾਰ ਵੱਖ-ਵੱਖ ਰੇਟ ‘ਤੇ ਸ਼ਰਾਬ ਵੇਚ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਵਿੱਚ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਵਧਾਏ ਹਨ। ਬਲੈਂਡਰ ਪ੍ਰਾਈਡ ਤੇ ਪੀਟਰ ਸਕਾਚ ਦੀ ਬੋਤਲ ਜਿਹੜੀ ਪਹਿਲਾਂ 700 ਦੀ ਮਿਲਦੀ ਸੀ, ਹੁਣ ਇਹ 800 ਦੀ ਮਿਲਣ ਲੱਗੀ ਹੈ। ਸੋਲਨ ਨੰਬਰ 1, ਓਲਡ ਮੋਕ ਰੰਮ, ਬਲਿਊ ਡਾਇਮੰਡ ਦੇ ਨਾਲ ਦੇ ਬਰੈਂਡ ਦੀ ਸ਼ਰਾਬ ਜੋ ਪਹਿਲਾਂ 400 ਦੀ ਮਿਲਦੀ ਸੀ ਹੁਣ ਇਹ 450 ਰੁਪਏ ਦੀ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਰਾਇਲ ਸਟੈਗ, ਰੈੱਡ ਨਾਈਟ, ਰਾਇਲ ਚੈਲੰਜ, ਆਲ ਸੀਜ਼ਨ ਦੀ ਸ਼ਰਾਬ ਪਹਿਲਾਂ 500 ਰੁਪਏ ਦੀ ਮਿਲਦੀ ਸੀ ਹੁਣ ਇਸ ਦਾ ਰੇਟ 600 ਰੁਪਏ ਕਰ ਦਿੱਤਾ ਗਿਆ ਹੈ। ਇੰਪਰੀਅਲ ਬਲਿਊ, ਮੈਕਡਾਵਲ, ਪਟਿਆਲਾ ਪੈੱਗ ਆਦਿ ਦੀ ਬੋਤਲ ਪਹਿਲਾਂ 400 ਤੋਂ 450 ਰੁਪਏ ਦੀ ਮਿਲਦੀ ਸੀ, ਹੁਣ ਇਹ 500 ਦੀ ਮਿਲਦੀ ਹੈ।
ਇਸ ਤੋਂ ਇਲਾਵਾ ਸਿਮਰਨ ਆਫ਼ ਫਲੈਵਰ ਪਹਿਲਾਂ 750 ਰੁਪਏ ਦੀ ਬੋਤਲ ਮਿਲਦੀ ਸੀ ਹੁਣ ਇਹ 850 ਦੀ ਬੋਤਲ ਮਿਲਦੀ ਹੈ। ਐਂਟੀ ਕਿਉਟੀ, ਬਲੈਂਡਰ ਰਿਜ਼ਰਵ ਦੇ ਪੱਧਰ ਤੇ ਬਰੈਂਡ ਦੀ ਬੋਤਲ ਦਾ ਮੁੱਲ ਪਹਿਲਾਂ 850 ਰੁਪਏ ਹੁੰਦਾ ਸੀ ਹੁਣ ਇਸ ਦਾ ਰੇਟ 950 ਰੁਪਏ ਬੋਤਲ ਕਰ ਦਿੱਤਾ ਗਿਆ ਹੈ। ਵੇਟ 69, ਪਾਸਪੋਰਟ ਵਰਗੇ ਬਰੈਂਡ ਦੀ ਬੋਤਲ ਪਹਿਲਾਂ 900 ਰੁਪਏ ਤੋਂ ਸਿੱਧਾ 1000 ਰੁਪਏ ਦੀ ਬੋਤਲ ਕਰ ਦਿੱਤੀ ਹੈ। ਬਲੈਕ ਡਾਗ, 100 ਪਾਈਪਰ ਦੇ ਪੱਧਰ ਦੇ ਬਰੈਂਡ ਪਹਿਲਾਂ 1500 ਤੋਂ 1600 ਰੁਪਏ ਬੋਤਲ ਮਿਲਦੀ ਸੀ ਹੁਣ ਇਸ ਦਾ ਰੇਟ 1800 ਰੁਪਏ ਬੋਤਲ ਕਰ ਦਿੱਤਾ ਹੈ।
ਆਬਕਾਰੀ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸ਼ਰਾਬ ਦੇ ਘੱਟੋ ਘੱਟ ਮੁੱਲ ਤੈਅ ਕੀਤੇ ਗਏ ਹਨ ਤੇ ਬਾਕੀ ਠੇਕੇਦਾਰ ਆਪ ਹੀ ਤੈਅ ਕਰਦੇ ਹਨ ਪਰ ਫੇਰ ਵੀ ਹਰਿਆਣਾ ਨਾਲ ਲੱਗਦੇ ਬਾਰਡਰ ਦੇ ਸ਼ਹਿਰਾਂ ਵਿੱਚ ਸ਼ਰਾਬ ਦੇ ਰੇਟ ਕਾਫ਼ੀ ਘੱਟ ਹਨ। ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਰੇਟ ਸਰਕਾਰੀ ਹੁਕਮਾਂ ਮੁਤਾਬਕ ਹੀ ਵਧਾਏ ਹਨ।