ਭਾਰਤੀ ਵੀਜੇ ਲਈ ਦਰਖਾਸਤ ਮੁੜ ਵਾਧਾ
ਵੈਨਕੂਵਰ: ਕੈਨੇਡਾ-ਭਾਰਤ ਸਬੰਧਾਂ ਵਿੱਚ ਪਿਛਲੇ ਮਹੀਨੇ ਪੈਦਾ ਹੋਈ ਕੁੜੱਤਣ ਮਗਰੋਂ ਮੁਅੱਤਲ ਹੋਈਆਂ ਵੀਜਾ ਸੇਵਾਵਾਂ ਬੀਤੇ ਦਿਨ ਤੋਂ ਮੁੜ ਸ਼ੁਰੂ ਹੋਣ ਮਗਰੋਂ ਦਰਖਾਸਤ ਦੇਣ ਵਾਲਿਆਂ ਦੀਆਂ ਕਤਾਰਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਲੋਕ ਆਊਟ-ਸੋਰਸ ਏਜੰਸੀ ਦੇ ਅਮਲੇ ਖ਼ਿਲਾਫ ਮਨਮਰਜੀ ਅਤੇ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਕਰਨ ਲੱਗੇ ਹਨ। ਅਮਲੇ ਵੱਲੋਂ ਲੋਕਾਂ ਨੂੰ ਲਾਈਨ ਵਿੱਚ ਲੱਗਣ ਦੀ ਥਾਂ ਦਸਤਾਵੇਜ ਘਰ ਪਹੁੰਚਾਉਣ ਦੀ ਪੇਸ਼ਕਸ਼ ਵੀ ਦਿੱਤੀ ਜਾ ਰਹੀ ਹੈ। ਹਾਲਾਂਕਿ ਦਿਨ ਭਰ ਉਡੀਕ ਕਰਨ ਮਗਰੋਂ ਵਾਰੀ ਨਾ ਆਉਣ ’ਤੇ ਪ੍ਰੇਸ਼ਾਨ ਕੁੱਝ ਜਣਿਆਂ ਨੇ ਦੱਸਿਆ ਕਿ ਅਮਲੇ ਦੇ ਮੈਂਬਰ ਘਰੋਂ ਲਿਆਂਦੀਆਂ ਫਾਈਲਾਂ ਨਬਿੇੜਨ ਵਿੱਚ ਅੱਧਾ ਦਿਨ ਲਗਾ ਦਿੰਦੇ ਹਨ। ਸਰੀ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅੱਠ ਵਜੇ ਮੌਕੇ ’ਤੇ ਪਹੁੰਚਿਆ ਪਰ ਇੱਥੇ ਪਹਿਲਾਂ ਤੋਂ ਹੀ ਲੰਬੀ ਕਤਾਰ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਬਾਅਦ ਦੁਪਹਿਰ ਤਿੰਨ ਵਜੇ ਉਸ ਦੀ ਵਾਰੀ ਆਈ ਤਾਂ ਉਸ ਨੂੰ ਫੋਟੋ ਵਿੱਚ ਨੁਕਸ ਕੱਢ ਕੇ ਉਨ੍ਹਾਂ ਦੇ ਖਾਸ ਫੋਟੋਗ੍ਰਾਫਰ ਤੋਂ ਫੋਟੋ ਖਿਚਵਾਉਣ ਲਈ ਕਿਹਾ ਗਿਆ ਅਤੇ ਉਦੋਂ ਤੱਕ ਦਫਤਰ ਬੰਦ ਹੋ ਗਿਆ। ਸਤਨਾਮ ਸਿੰਘ ਨੇ ਦੋਸ਼ ਲਾਇਆ ਕਿ ਕੌਂਸਲੇਟ ਦਫਤਰ ਵਿਚ ਏਜੰਸੀ ਵਿਰੁੱਧ ਸ਼ਿਕਾਇਤ ਨੂੰ ਅਣਗੌਲਿਆ ਕੀਤਾ ਜਾਂਦਾ ਹੈ।