- ਜਥੇਦਾਰ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਕਾਤ
ਅੰਮਿ੍ਰਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਮਾਮਲੇ ’ਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਤੋਂ ਇਕ ਦਿਨ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਭਾਈ ਕਾਉਂਕੇ ਦੇ 31 ਸਾਲ ਪਹਿਲਾਂ ਲਾਪਤਾ ਹੋਣ ਤੋਂ ਬਾਅਦ ਬੀ.ਪੀ. ਤਿਵਾੜੀ ਵਾਲੀ ਜਾਂਚ ਕਮੇਟੀ ਨੇ ਸਰਕਾਰ ਨੂੰ ਰਿਪੋਰਟ ਸੌਂਪੀ ਸੀ। ਇਹ ਰਿਪੋਰਟ ਕਈ ਸਾਲਾਂ ਤੱਕ ਸਰਕਾਰੀ ਫਾਈਲਾਂ ਹੇਠ ਦੱਬੀ ਰਹੀ। ਹੁਣ ਰਿਪੋਰਟ ਜਨਤਕ ਹੋਣ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੱਲ੍ਹ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ’ਚ ਕਤਲ ਦਾ ਕੇਸ ਦਰਜ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਸਨ। ਜਥੇਦਾਰ ਦੇ ਮੁਲਜਮ ਅਫ਼ਸਰਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੇ ਹੁਕਮਾਂ ’ਤੇ ਤਾਮੀਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਪਿੰਡ ਕਾਉਂਕੇ ਕਲਾਂ ਵਿਚ ਭਾਈ ਕਾਉਂਕੇ ਦੇ ਗ੍ਰਹਿ ਵਿਖੇ ਪਹੁੰਚਿਆ। ਵਫ਼ਦ ਨੇ ਭਾਈ ਕਾਉਂਕੇ ਦੀ ਪਤਨੀ ਬੀਬੀ ਗੁਰਮੇਲ ਕੌਰ ਅਤੇ ਉਨ੍ਹਾਂ ਦੇ ਪੁੱਤਰ ਭਾਈ ਹਰੀ ਸਿੰਘ ਅਤੇ ਪਿੰਡ ਦੀਆਂ ਨਾਮਵਰ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਦੇ ਜਗਰਾਉਂ ਤੋਂ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਵਿੰਗ ਦੇ ਸੇਵਾਦਾਰ ਭਗਵੰਤ ਸਿੰਘ ਸਿਆਲਕਾ ਅਤੇ ਉਨ੍ਹਾਂ ਦੀ ਟੀਮ ਦੀ ਇਸ ਪ੍ਰਸੰਗ ਵਿਚ ਡਿਊਟੀ ਲਾਈ ਹੈ। ਇਸ ਤੋਂ ਬਾਅਦ ਵਫ਼ਦ ਨੇ ਪਿੰਡ ਕਾਉਂਕੇ ਕਲਾਂ ਪੁੱਜ ਕੇ ਕੇਸ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਜਮਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਕਾਨੂੰਨੀ ਲੜਾਈ ਲੜੇਗੀ।