ਵਿਕਾਸ ਤੇ ਵਿਰਾਸਤ ਦੀ ਤਾਕਤ ਭਾਰਤ ਨੂੰ ਅੱਗੇ ਲਿਜਾਵੇਗੀ: ਮੋਦੀ
ਅਯੁੱਧਿਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਦੀ ਪੁਰਾਤਨ ਵਿਰਾਸਤ ਅਤੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਵਿਕਾਸ ਤੇ ਵਿਰਾਸਤ ਦੀ ਸਾਂਝੀ ਤਾਕਤ 21ਵੀਂ ਸਦੀ ਵਿੱਚ ਭਾਰਤ ਨੂੰ ਸਭ ਤੋਂ ਅੱਗੇ ਲਿਜਾਵੇਗੀ। ਮੋਦੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸਾਰੀ ਦੁਨੀਆ ਬੇਸਬਰੀ ਨਾਲ 22 ਜਨਵਰੀ ਦੇ ਇਤਿਹਾਸਕ ਪਲ (ਨਵੇਂ ਬਣੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ) ਦੀ ਉਡੀਕ ਕਰ ਰਹੀ ਹੈ ਅਤੇ ਅਜਿਹੇ ’ਚ ਲੋਕਾਂ ਵਿੱਚ ਉਤਸ਼ਾਹ ਹੋਣਾ ਸੁਭਾਵਕ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਇੱਥੇ ਨਾ ਆਉਣ ਬਲਕਿ ਬਾਅਦ ਵਿੱਚ ਆਪਣੀ ਸਹੂਲਤ ਅਨੁਸਾਰ ਇੱਥੇ ਆਉਣ। ਉਨ੍ਹਾਂ ਨਾਗਰਿਕਾਂ ਨੂੰ ਇਸ ਮੌਕੇ ਘਰਾਂ ’ਚ ਦੀਵੇ ਬਾਲਣ ਦੀ ਅਪੀਲ ਵੀ ਕੀਤੀ।
ਅੱਠ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ਅਤੇ ਨਵੇਂ ਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਰੇਲਵੇ ਸਟੇਸ਼ਨ ਤੋਂ ਦੋ ਅੰਮਿ੍ਰਤ ਭਾਰਤ ਤੇ ਛੇ ਵੰਦੇ ਭਾਰਤ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ 15,700 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ’ਚੋਂ 11 ਹਜਾਰ ਕਰੋੜ ਰੁਪਏ ਦੇ ਪ੍ਰਾਜੈਕਟ ਅਯੁੱਧਿਆ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅਤੇ 4600 ਕਰੋੜ ਰੁਪਏ ਦੇ ਪ੍ਰਾਜੈਕਟ ਸੂਬੇ ਦੇ ਹੋਰ ਕੰਮਾਂ ਨਾਲ ਸਬੰਧਤ ਹਨ।
