spot_imgspot_imgspot_imgspot_img

ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ

Date:

ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ

ਬਠਿੰਡਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿੰਡ ਕੋਟਸ਼ਮੀਰ ’ਚ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਰੈਲੀ ਦੌਰਾਨ ਕਿਹਾ ਕਿ ਜਦੋਂ ਤੱਕ ਚੰਗੇ ਕਿਰਦਾਰ ਵਾਲੀ ਕੋਈ ਸ਼ਖ਼ਸੀਅਤ ਸੂਬੇ ਦੀ ਅਗਵਾਈ ਨਹੀਂ ਕਰੇਗੀ, ਉਦੋਂ ਤੱਕ ਸੂਬਾ ਪੈਰਾਂ ਸਿਰ ਨਹੀਂ ਹੋ ਸਕਦਾ। ਵਿਵਾਦਾਂ ਦੌਰਾਨ ਹੋਈ ਇਸ ਰੈਲੀ ’ਚ ਸ੍ਰੀ ਸਿੱਧੂ ਨੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਹੁਣ ਤੱਕ ਪੰਜਾਬ ਨਾਲ ਧਰੋਹ ਕਮਾਇਆ। ਉਨ੍ਹਾਂ ਕਿਹਾ ਕਿ ਜੀਐਸਟੀ ਅਜਿਹਾ ਜਜ਼ੀਆ ਹੈ ਜੋ ਪਹਿਲਾਂ ਲੋਕਾਂ ਤੋਂ ਉਗਰਾਹ ਕੇ ਰਾਜ ਕੇਂਦਰ ਨੂੰ ਦਿੰਦੇ ਹਨ ਅਤੇ ਫਿਰ ਆਪਣਾ ਹਿੱਸਾ ਲੈਣ ਲਈ ਤਰਲੇ ਕੱਢਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੀ ਉਨ੍ਹਾਂ ਰਾਜਾਂ ’ਚੋਂ ਇੱਕ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਭਾਖੜਾ ਡੈਮ ’ਚ ਪਾਣੀ ਪੰਜਾਬ ਦਾ ਹੈ ਪਰ ਇਸ ਦਾ ਕੰਟਰੋਲ ਕੇਂਦਰ ਕੋਲ ਕਿਉਂ? ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ 40 ਸਾਲ ਪੰਥ ਦੇ ਨਾਂਅ ’ਤੇ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਵੋਟਾਂ ਖ਼ਾਤਰ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ। ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਖ਼ਰੀਦੇ ਗਏ ਗੋਇੰਦਵਾਲ ਥਰਮਲ ਪਲਾਟ ਨੂੰ ‘ਚਿੱਟਾ ਹਾਥੀ’ ਦੱਸਦਿਆਂ ਕਿਹਾ ਕਿ ਇਸ ’ਤੇ ਪਹਿਲਾਂ ਹੀ 7-8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਪੰਜਾਬ ਦੇ ਆਬਕਾਰੀ ਖੇਤਰ ’ਚ ਘਪਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨਵਾਂ ਸਾਲ ਚੜ੍ਹੇ ਨੂੰ ਅਜੇ ਹਫ਼ਤਾ ਨਹੀਂ ਬੀਤਿਆ ਕਿ ਪੰਜਾਬ ਸਰਕਾਰ ਨੇ ਢਾਈ ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੁੱਕ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਨਹੀਂ ਬਦਲੇਗੀ ਉਦੋਂ ਤੱਕ ਵੋਟਰ ਚੰਗੇ ਕਿਰਦਾਰਾਂ ਨੂੰ ਅੱਗੇ ਨਹੀਂ ਲਿਆਉਣਗੇ ਉਦੋਂ ਤੱਕ ਪੰਜਾਬ ਦਾ ਸਵੈ-ਨਿਰਭਰ ਹੋਣਾ ਮੁਸ਼ਕਿਲ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਪੰਜਾਬ ਦੀ ਅਗਵਾਈ ਲਈ ਅਜਿਹਾ ਇਮਾਨਦਾਰ ਆਦਮੀ ਚੁਣਨਾ ਪਵੇਗਾ ਜਿਸ ਦੀ ਜ਼ੁਬਾਨ ਹੋਵੇ ਅਤੇ ਵਚਨਾਂ ’ਤੇ ਖੜ੍ਹੇ। ਉਨ੍ਹਾਂ ਬਗ਼ੈਰ ਕਿਸੇ ਦਾ ਨਾਂ ਲਿਆਂ ਕਿਹਾ ਕਿ ‘ਇਹ ਤਾਂ ਸਾਰੇ ਈਡੀ. ਤੋਂ ਹੀ ਡਰ ਜਾਂਦੇ ਐ।’ ਇਸ ਮੌਕੇ ਰੈਲੀ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ, ਪ੍ਰਬੰਧਕ ਨਰਾਇਣ ਸਿੰਘ ਖਾਲਸਾ ਕੋਟਸ਼ਮੀਰ, ਸੁਰਜੀਤ ਸਿੰਘ ਧੀਮਾਨ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ (ਚਾਰੇ ਸਾਬਕਾ ਵਿਧਾਇਕ), ਸੀਨੀਅਰ ਕਾਂਗਰਸੀ ਆਗੂ ਚਾਨਣ ਸਿੰਘ, ਸਪੋਕਸਪਰਸਨ ਮਨਜੀਤ ਸਿੰਘ ਕੋਟਫੱਤਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related