ਅਨੁਸਾਸਨ ਸਾਰਿਆਂ ਲਈ ਇੱਕੋ ਜਿਹਾ ਹੋਵੇ: ਨਵਜੋਤ ਸਿੱਧੂ
ਡੇਰਾ ਬਾਬਾ ਨਾਨਕ,(ਵਿਸ਼ਵ ਬਾਣੀ ਬਿੳੂਰੋ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ 37 ਕੁ ਸਾਥੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ਼ਾਮ ਤਕ ਉਹ ਪਰਤ ਆਏ. ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਦੋਵਾਂ ਦੇਸ਼ਾਂ ਵਿੱਚ ਬੰਦ ਪਿਆ ਵਪਾਰ ਮੁੜ ਖੁੱਲ੍ਹਣਾ ਚਾਹੀਦਾ ਹੈ. ਸਿੱਧੂ ਸਮਰਥਕਾਂ ਨੂੰ ਪ੍ਰਦੇਸ਼ ਕਾਂਗਰਸ ਵੱਲੋਂ ਅਨੁਸਾਸਨ ਭੰਗ ਕਰਨ ਲਈ ਕਾਰਨ ਦੱਸੋ ਨੋਟਿਸ ਭੇਜੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਨੁਸਾਸਨ ਸਿਰਫ 4-5 ਬੰਦਿਆਂ ਲਈ ਨਹੀਂ ਸਗੋਂ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ. ਉਨ੍ਹਾਂ ਕਿਹਾ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਸਗੋਂ ਪਾਰਟੀ ਦੇ ਹੁਕਮਾਂ ਅਨੁਸਾਰ ਹੀ ਲੋਕਾਂ ਵਿੱਚ ਜਾ ਰਿਹਾ ਹੈ। ਸਿੱਧੂ ਨੇ ਸਪੱਸ਼ਟ ਕੀਤਾ ਕਿ ਰੈਲੀਆਂ ਵਿੱਚ ਕਾਂਗਰਸ ਦੀ ਗੱਲ ਕਰ ਰਹੇ ਹਾਂ, ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਹਾਂ। ਇਸ ਸਬੰਧੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ.
ਉਨ੍ਹਾਂ ਕਿਹਾ ਕਿ ਜੇ ਕਰਾਚੀ ਤੇ ਮੁੰਬਈ ਦਾ ਬਾਰਡਰ ਖੁੱਲ੍ਹਾ ਹੈ ਤਾਂ ਅੰਮਿ੍ਰਤਸਰ-ਲਾਹੌਰ ਦਾ ਵਪਾਰ ਬੰਦ ਕਿਉਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਹਥਿਆਰਾਂ ਦਾ ਨਹੀਂ ਸਗੋਂ ਪਿਆਰ ਅਤੇ ਖੇਡਾਂ ਦਾ ਮੁਕਾਬਲਾ ਹੋਣਾ ਚਾਹੀਦਾ ਹੈ. ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਤੋਹਫੇ ਵੀ ਦਿੱਤੇ. ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ. ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ.
