ਰਾਂਚੀ : ਚੰਪਈ ਸੇਰੋਨ ਦੀ ਸਰਕਾਰ ਨੇ ਇਥੇ ਝਾਰਖੰਡ ਵਿਧਾਨ ਸਭਾ ਦੇ ਸੈਸ਼ਨ ’ਚ ਸਮਰਥਨ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਹੱਕ ’ਚ 47 ਵੋਟ ਅਤੇ ਵਿਰੋਧ ’ਚ 29 ਵੋਟ ਪਏ ਹਨ। ਇਸ ਤੋਂ ਪਹਿਲਾਂ ਸਵੇਰੇ ਚੰਪਈ ਸੋਰੇਨ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਲਈ ਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਸੀ। ਚੰਪਈ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਮੰਗਿਆ। ਇਸ ਮੌਕੇ ਸੱਤਾਧਾਰੀ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਵਿਧਾਇਕਾਂ ਨੇ ਫਲੋਰ ਟੈਸਟ ਜਿੱਤਣ ਦਾ ਭਰੋਸਾ ਜਤਾਇਆ, ਜਦੋਂ ਕਿ ਵਿਰੋਧੀ ਭਾਜਪਾ ਨੇ ਜੋਰ ਦੇ ਕੇ ਕਿਹਾ ਸੀ ਕਿ ਗਠਜੋੜ ਨੂੰ ਹਰਾਇਆ ਜਾਵੇਗਾ। ਰਾਜ ਮੰਤਰੀ ਆਲਮਗੀਰ ਆਲਮ ਨੇ ਐਤਵਾਰ ਨੂੰ ਕਿਹਾ ਸੀ, “ਸਾਡੇ ਵਿਧਾਇਕ ਇਕਜੁੱਟ ਹਨ ਅਤੇ ਸਾਡੇ ਕੋਲ 81 ਮੈਂਬਰੀ ਵਿਧਾਨ ਸਭਾ ਵਿਚ 48 ਤੋਂ 50 ਵਿਧਾਇਕਾਂ ਦਾ ਸਮਰਥਨ ਹੈ।”
