ਸ੍ਰੋਮਣੀ ਅਕਾਲੀ ਦਲ (ਅ) ਦਾ ਰੇਲਾਂ ਰੋਕਣ ਦਾ ਸੱਦਾ ਰਿਹਾ ਅਸਫਲ
ਜੰਡਿਆਲਾ ਗੁਰੂ : ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਨਜਰਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਧਰਨੇ ਦੇ ਸਮਰਥਨ ਵਿੱਚ ਅੱਜ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧੀ ਅੰਮਿ੍ਰਤਸਰ ਦਿਹਾਤੀ ਪੁਲੀਸ ਨੇ ਜੰਡਿਆਲਾ ਗੁਰੂ ਦੇ ਹਵੇਲੀ ਰੈਸਟੋਰੈਂਟ ਅਤੇ ਪਿੰਡ ਦੇਵੀਦਾਸਪੁਰਾ ਦੇ ਕੋਲ ਜਗ੍ਹਾ ਜਗ੍ਹਾ ‘ਤੇ ਸਵੇਰ ਤੋਂ ਹੀ ਨਾਕੇਬੰਦੀ ਕਰ ਦਿੱਤੀ ਸੀ। ਇਸ ਸਬੰਧੀ ਰੇਲ ਰੋਕਣ ਦਾ ਯਤਨ ਕਰ ਰਹੇ ਕੁਝ ਆਗੂਆਂ ਨੂੰ ਪਿੰਡ ਦੇਵੀਦਾਸਪੁਰਾ ਤੋਂ ਹਿਰਾਸਤ ਵਿੱਚ ਵੀ ਲਿਆ ਗਿਆ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਭਾਈ ਜਸਬੀਰ ਸਿੰਘ ਬਚੜੇ, ਉਪਕਾਰ ਸਿੰਘ ਸੰਧੂ ਅਤੇ ਸੱਤ ਅੱਠ ਹੋਰ ਆਗੂ ਸਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਆਗੂ ਭਾਈ ਸੁਖਵਿੰਦਰ ਸਿੰਘ ਮਹਿਤਾ ਨੇ ਦੱਸਿਆ ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਸਿਮਰਨਜੀਤ ਸਿੰਘ ਮਾਨ ਗਰੁੱਪ ਵੱਲੋਂ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਉਹ ਮੰਗ ਕਰ ਰਹੇ ਹਨ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਅੰਮਿ੍ਰਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇੱਥੇ ਤਬਦੀਲ ਕਰਕੇ ਪੰਜਾਬ ਦੀਆਂ ਜੇਲਾਂ ਵਿੱਚ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਜਮਾਨਤ ਦਿੱਤੀ ਜਾਵੇ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲਾਂ ਵਿੱਚ ਵੀ ਇਹੋ ਜਿਹੇ ਕਈ ਸਿੱਖ ਨਜਰਬੰਦ ਹਨ, ਜਿਨਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਇਸ ਤਰ੍ਹਾਂ ਦਾ ਵਿਹਾਰ ਕਰਕੇ ਸਰਕਾਰਾਂ ਸਿੱਖਾਂ ਦੇ ਨਾਲ ਬੇਇਨਸਾਫੀ ਕਰ ਰਹੀਆਂ ਹਨ। ਇਸ ਸਬੰਧੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਹੌਲ ਸਾਂਤੀਪੂਰਨ ਹੈ ਅਤੇ ਸਾਰੀਆਂ ਟ੍ਰੇਨਾਂ ਚੱਲ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕੁਝ ਲੋਕ ਇਸ ਸਬੰਧੀ ਆਏ ਸਨ, ਜਿਨਾਂ ਨੂੰ ਪੁਲੀਸ ਨੇ ਪ੍ਰੀਵੈਂਟਿਵ ਕਸਟਡੀ ਵਿੱਚ ਲਿਆ ਹੈ।
