- ਅਫਵਾਹਾਂ ਫੈਲਾਅ ਰਹੀ ਹੈ ਭਾਜਪਾ: ਮਮਤਾ ਬੈਨਰਜੀ
- ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਸੰਦੇਸ਼ਖਲੀ ਦੀਆਂ ਘਟਨਾਵਾਂ ਬਾਰੇ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ ਅਤੇ ਆਖਿਆ ਕਿ ਸੂਬਾ (ਪੱਛਮੀ ਬੰਗਾਲ) ਦੇਸ਼ ’ਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਹੈ। ਕੋਲਕਾਤਾ ’ਚ ਕੌਮਾਂਤਰੀ ਮਹਿਲਾ ਦਿਵਸ ਦੀ ਪੂਰਬਲੀ ਸ਼ਾਮ ਔਰਤਾਂ ਦੇ ਅਧਿਕਾਰਾਂ ਸਬੰਧੀ ਇੱਕ ਰੈਲੀ ਦੀ ਅਗਵਾਈ ਕਰਨ ਮਗਰੋਂ ਬੋਲਦਿਆਂ ਤਿ੍ਰਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਲਈ ‘ਮੱਤਾਂ’ ਦੇਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਜਦੋਂ ਭਾਜਪਾ ਸ਼ਾਸਿਤ ਸੂੁਬਿਆਂ ’ਚ ਔਰਤਾਂ ’ਤੇ ਤਸ਼ੱਦਦ ਹੁੰਦਾ ਹੈ ਤਾਂ ਉਹ ਚੁੱਪ ਵੱਟ ਲੈਂਦੇ ਹਨ। ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਏ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ’ਤੇ ਵੀ ਨਿਸ਼ਾਨ ਸੇਧਿਆ। ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੀ ਸਰਕਾਰ ਪੱਛਮੀ ਬੰਗਾਲ ’ਚ ਨਾਗਰਿਕਤਾ ਸੋਧ ਐਕਟ (ਸੀਏਏ) ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਲਾਗੂ ਨਹੀਂ ਹੋਣ ਦੇਵੇਗੀ।
