ਅਗਲੇ ਹੁਕਮਾਂ ਤੱਕ ਗੁਰਦਾਸਪੁਰ ’ਚ ਮੁਕੰਮਲ ‘ਬਲੈਕਆਊਟ’ ਦੇ ਹੁਕਮ
ਗੁਰਦਾਸਪੁਰ : ਭਾਰਤ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਵਾਲੇ ਹਾਲਾਤ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀਰਵਾਰ 8 ਮਈ ਤੋਂ ਅਗਲੇ ਹੁਕਮਾਂ ਤੱਕ ਰਾਤ 9:00 ਵਜੇ ਤੋਂ ਤੜਕੇ 5:00 ਵਜੇ ਤੱਕ ਮੁਕੰਮਲ ‘ਬਲੈਕਆਊਟ’ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਵਿੱਚ ਲਾਗੂ ਨਹੀਂ ਹੋਵੇਗਾ। ਹਾਲਾਂਕਿ, ਗੁਰਦਾਸਪੁਰ ਜੇਲ੍ਹ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਹਰ ਰੋਜ਼ ਰਾਤ 9.00 ਵਜੇ ਤੋਂ ਅਗਲੇ ਦਿਨ ਸਵੇਰੇ 5.00 ਵਜੇ ਤੱਕ ਬੰਦ ਰਹਿਣਗੀਆਂ।” ਇਹ ਕਦਮ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਇੱਕ ਸੰਵੇਦਨਸ਼ੀਲ ਮਾਹੌਲ ਦੇ ਜਵਾਬ ਵਿੱਚ ਆਏ ਹਨ ਅਤੇ ਇਸਦਾ ਉਦੇਸ਼ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਦਾ ਟਾਕਰਾ ਕਰਨਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤੇ ਜਾਣ, ਜਿਸ ਵਿੱਚ ਪਾਕਿਸਤਾਨ ਦੇ ਅੰਦਰ ਨੌਂ ਅੱਤਵਾਦੀ ਟਿਕਾਣੇ ਤਬਾਹ ਕਰ ਦਿੱਤੇ ਗਏ ਸਨ, ਤੋਂ ਬਾਅਦ ਪਾਕਿਸਤਾਨ ਨੇ 7 ਮਈ ਦੀ ਰਾਤ ਨੂੰ ਕਈ ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਟਿਕਾਣਿਆਂ ਵਿਚ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਫੌਜੀ ਟਿਕਾਣੇ ਸ਼ਾਮਲ ਹਨ, ਜਿਨ੍ਹਾਂ ਉਤੇ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਹਮਲਿਆਂ ਨੂੰ ਭਾਰਤ ਦੇ ਇੰਟੀਗ੍ਰੇਟਿਡ ਕਾਊਂਟਰ ਯੂਏਐਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਰਾਹੀਂ ਨਾਕਾਮ ਕਰ ਦਿੱਤਾ ਗਿਆ ਸੀ। ਇਨ੍ਹਾਂ ਹਮਲਿਆਂ ਦਾ ਮਲਬਾ ਹੁਣ ਕਈ ਥਾਵਾਂ ਤੋਂ ਬਰਾਮਦ ਕੀਤਾ ਜਾ ਰਿਹਾ ਹੈ ਜਿਸ ਤੋਂ ਪਾਕਿਸਤਾਨ ਦੀ ਨਾਕਾਮ ਹਰਕਤ ਦਾ ਪਤਾ ਲੱਗਦਾ ਹੈ।
