ਦੀਨੋ ਮੋਰੀਆ ਈਡੀ ਸਾਹਮਣੇ ਹੋਏ ਪੇਸ਼
ਮੁੰਬਈ : ਬਾਲੀਵੁੱਡ ਅਦਾਕਾਰ ਦੀਨੋ ਮੋਰੀਆ ਕਥਿਤ 65 ਕਰੋੜ ਦੇ ਮਨੀ ਲਾਂਡਰਿੰਗ ਕੇਸ ਨਾਲ ਸਬੰਧਿਤ ਮਿੱਠੀ ਨਦੀ ਸਫ਼ਾਈ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟੋਰੇ ਸਾਹਮਣੇ ਪੇਸ਼ ਹੋਏ। ਮੋਰੀਆ ਨੂੰ ਈਡੀ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਹ ਅੱਜ ਏਜੰਸੀ ਦੇ ਉੱਤਰੀ ਮੁੰਬਈ ਸਥਿਤ ਦਫ਼ਤਰ ਵਿੱਚ ਪੁੱਜੇ ਸਨ।
ਈਡੀ ਵੱਲੋਂ 6 ਜੂਨ ਨੂੰ 15 ਵੱਖ-ਵੱਖ ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ ਸੀ ਜਿਨ੍ਹਾਂ ਵਿੱਚ ਮੁੰਬਈ, ਕੇਰਲ ਦਾ ਕੋਚੀ ਅਤੇ ਮੋਰੀਆ ਦੀ ਬਾਂਦਰਾ ਸਥਿਤ ਜਾਇਦਾਦ ਜੋ ਕਿ ਉਸ ਦੇ ਭਰਾ ਸਾਨਤੀਨੋ ਨਾਲ ਜੁੜੀ ਹੋਈ ਹੈ, ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਕੋਚੀ ਵਿੱਚ ਕੀਤੀ ਗਈ ਕਿਉਂਕਿ ਕੰਪਨੀਆਂ ਵਿੱਚੋਂ ਇੱਕ, ਮੈਟਪ੍ਰੋਪ ਟੈਕਨੀਕਲ ਸਰਵੀਸਜ਼ ਪ੍ਰਾਈਵੇਟ ਲਿਮਟਿਡ, ਜਿਸ ਨੇ ਬੀਐੱਮਸੀ ਨੂੰ ਸਫ਼ਾਈ ਸਾਮਾਨ ਮੁਹੱਈਆ ਕਰਵਾਇਆ ਸੀ, ਉਹ ਇਸ ਸਥਾਨ ਨਾਲ ਸਬੰਧ ਰੱਖਦੀ ਹੈ। ਇਹ ਜਾਂਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ।
ਮੁੰਬਈ ਪੁਲੀਸ ਵੱਲੋਂ ਇਸ ਕੇਸ ਵਿੱਚ 13 ਵਿਅਕਤੀਆਂ ਖ਼?ਲਾਫ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਠੇਕੇਦਾਰ ਅਤੇ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਵੱਲੋਂ ਕਥਿਤ ਤੌਰ ’ਤੇ 2017 ਤੋਂ ਲੈ ਕੇ 2023 ਤੱਕ 65.54 ਕਰੋੜ ਦਾ ਘੁਟਾਲਾ ਕਰ ਕੇ ਮਿੱਠੀ ਨਦੀ ਦੀ ਸਫ਼ਾਈ ਲਈ ਠੇਕੇ ਦਿੱਤੇ ਗਏ ਸਨ। ਇਹ ਨਦੀ ਮੁੰਬਈ ਵਿੱਚੋਂ ਲੰਘਦੀ ਹੈ ਅਤੇ ਹੜ੍ਹਾਂ ਦੇ ਦਿਨਾਂ ਵਿੱਚ ਪਾਣੀ ਦੇ ਪ੍ਰਬੰਧਨ ਵਿੱਚ ਸਹਾਈ ਹੁੰਦੀ ਹੈ।
ਬੀਐੱਮਸੀ ਵਿਚ 2017 ਤੋਂ ਲੈ ਕੇ 2022 ਤੱਕ ਸ਼ਿਵ ਸੈਨਾ ਦੀ ਵੰਡ ਤੋਂ ਪਹਿਲਾਂ ਉੂਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਬਹੁਮਤ ਸੀ। ਉਸ ਤੋਂ ਬਾਅਦ 2022 ਵਿਚ ਬੀਐਮਸੀ ਦੇ ਸਦਨ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਇਸ ਦਾ ਪ੍ਰਬੰਧ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਲ ਚਲਾ ਗਿਆ।
ਪੁਲੀਸ ਦਾ ਦੋਸ਼ ਹੈ ਕਿ ਬੀਐੱਮਸੀ ਅਧਿਕਾਰੀਆਂ ਵੱਲੋਂ ਨਦੀ ਦੀ ਸਫ਼ਾਈ ਲਈ ਠੇਕੇ ਇਸ ਹਿਸਾਬ ਨਾਲ ਬਣਾਏ ਗਏ ਕਿ ਇਸ ਦਾ ਫਾਇਦਾ ਖਾਸ ਸਪਲਾਇਰ ਨੂੰ ਦਿੱਤਾ ਜਾ ਰਿਹਾ ਸੀ ਅਤੇ ਠੇਕਦਾਰਾਂ ਵੱਲੋਂ ਕਈ ਗਲਤ ਬਿੱਲ ਵੀ ਬਣਾਏ ਗਏ ਸਨ। ਇਸ ਕੇਸ ਵਿੱਚ ਮੋਰੀਆ ਭਰਾਵਾਂ ਤੋਂ ਪਿਛਲੇ ਮਹੀਨੇ ਵੀ ਪੁੱਛਗਿੱਛ ਕੀਤੀ ਗਈ ਸੀ। ਇਸ ਦੌਰਾਨ ਕੇਤਨ ਕਦਮ ਦੇ ਮੋਰੀਆ ਭਰਾਵਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਸੀ।
