ਮੌਜੂਦਾ ਮਸਲਾ ਟਰੂਡੋ ਸਰਕਾਰ ਦੀ ਵੱਡੀ ਨਕਾਮੀ : ਜਸਦੀਪ ਸਿੰਘ ਜੈਸੀ
ਅਮਰੀਕਾ : ਕੈਨੇਡਾ ਅਤੇ ਭਾਰਤ ਸਰਕਾਰ ਦਾ ਆਪਸੀ ਮਾਮਲਾ ਅਜੇ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦੁਨੀਆਂ ਦੇ ਹਰ ਕੋਨੇ ਵਿੱਚ ਪੰਜਾਬੀ ਵੱਸਦੇ ਹਨ ਅਤੇ ਇਸ ਮਸਲੇ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਅੱਗੇ ਕੀ ਹੋਵੇਗਾ? ਕੈਨੇਡਾ ਪੰਜਾਬ ਨਾਲ ਹਰ ਪੱਖ ਤੋਂ ਜੁੜਿਆ ਹੋਇਆ ਹੈ। ਲੱਗਭੱਗ 8 ਲੱਖ ਪੰਜਾਬੀ ਪਰਿਵਾਰ ਸਿੱਧੇ ਰੂਪ ਵਿੱਚ ਕੈਨੇਡਾ ਨਾਲ ਜੁੜੇ ਹੋਏ ਹਨ। ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਲਈ ਇਹ ਪਹਿਲੀ ਪਸੰਦੀਦਾ ਜਗ੍ਹਾ ਬਣੀ ਹੋਈ ਹੈ ਅਤੇ ਕੈਨੇਡਾ ਸਰਕਾਰ ਨੂੰ ਇਸ ਤੋਂ ਬਹੁਤ ਵੱਡਾ ਵਿੱਤੀ ਲਾਭ ਪਹੁੰਚਦਾ ਹੈ। ਇਸ ਵਿਵਾਦ ਨੂੰ ਲੈ ਕੇ ਅਮੇਜਿੰਨ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ਸ. ਸਿੱਖ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਅਤੇ ਅਸਲੀਅਤ ਤੋਂ ਜਾਣੂ ਕਰਵਾਇਆ।
ਸ.ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਇਹ ਬਹੁਤ ਹੀ ਸੀਰੀਅਸ ਮੁੱਦਾ ਹੈ, ਕਿਉਕਿ ਅੱਜ ਤੋਂ ਪਹਿਲਾਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਕਦੀ ਵੀ ਇਸ ਹੱਦ ਤੱਕ ਨਹੀਂ ਵਿਗੜੇ ਸਨ। ਪੰਜਾਬ ਦੇ ਬੱਚੇ ਇਥੇ ਪੜ੍ਹਨ ਆਉਦੇ ਹਨ ਅਤੇ ਸਿੱਧੇ ਰੂਪ ਵਿੱਚ ਵਪਾਰਕ ਸੰਬੰਧ ਵੀ ਵਧੀਆ ਸਨ ਪਰ ਉਸ ਮੁੱਦੇੇ ਨਾਲ ਆਉਣ ਵਾਲੇ ਸਮੇਂ ਵਿੱਚ ਮਾੜੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਸ. ਜਸਦੀਪ ਸਿੰਘ ਜੈਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਇਹ ਕੈਨੇਡੀਅਨ ਸਰਕਾਰ ਜਾਂ ਟਰੂਡੋ ਸਰਕਾਰ ਦੀ ਪੂਰੀ ਤਰ੍ਹਾਂ ਨਿਕਾਮੀ ਹੈ ਕਿ ਇਸ ਮਸਲੇ ਨੂੰ ਦੋ ਸਾਲ ਪਹਿਲਾਂ ਕਿਉ ਨਹੀਂ ਚੁੱਕਿਆ ਗਿਆ? ਇੰਡੀਆ ਨੇ ਦੋ ਸਾਲ ਪਹਿਲਾਂ ਹਰਦੀਪ ਸਿੰਘ ਨਿੱਝਰ ਨੂੰ ਅੱਤਵਾਦੀ ਐਲਾਨ ਕੀਤਾ ਹੋਇਆ ਸੀ ਉਨ੍ਹਾਂ ਉੱਤੇ ਭਾਰਤ ਸਰਕਾਰ ਵੱਲੋਂ ਕਈ ਕੇਸ ਚੱਲ ਰਹੇ ਸਨ ਅਤੇ ਉਨ੍ਹਾਂ ਉਤੇ ਇਨਾਮ ਵੀ ਰੱਖਿਆ ਹੋਇਆ ਸੀ। ਕੈਨੇਡਾ ਸਰਕਾਰ ਨੂੰ ਉਸ ਵੇਲੇ ਭਾਰਤੀ ਦੂਤਾਵਾਸ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਤੇ ਇਸ ਗੱਲ ਦਾ ਖੁਲਾਸਾ ਕਰ ਲੈਣਾ ਚਾਹੀਦਾ ਸੀ ਕਿ ਕਿਸ ਅਧਾਰ ਉੱਤੇ ਭਾਰਤ ਸਰਕਾਰ ਹਰਦੀਪ ਸਿੰਘ ਨਿੱਝਰ ਨੂੰ ਟੈਰਰਿਸਟ ਕਹਿ ਰਹੀ ਹੈ? ਇਸ ਤਰ੍ਹਾਂ ਹੋ ਸਕਦਾ ਸੀ ਕਿ ਨਿੱਝਰ ਸਾਹਿਬ ਸਾਡੇ ਦਰਮਿਆਨ ਹੁੰਦੇ ਅਤੇ ਗੱਲ ਇਥੋਂ ਤੱਕ ਪਹੁੰਚਦੀ ਹੀ ਨਹੀਂ। ਸੋ ਇਸ ਸਭ ਨੂੰ ਟਰੂਡੋ ਸਰਕਾਰ ਦੀ ਨਾਕਾਮੀ ਹੈ।
ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਉਨ੍ਹਾਂ ਕੋਲ ਪੁਖਤਾ ਸਬੂਤ ਸਨ ਤਾਂ ਸਬੂਤਾਂ ਦੇ ਆਧਾਰ ਉੱਤੇ ਭਾਰਤ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ, ਪਰ ਬਿਨਾਂ ਸਬੂਤ ਐਨਾ ਵੱਡਾ ਇਲਜ਼ਾਮ ਲਾਉਣਾ ਕਿਸੇ ਵੀ ਰਾਸ਼ਟਰ ਲਈ ਮਾੜੀ ਗੱਲ ਹੈ।
ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਸਿੱਖ ਕਮਿੳੂਨਿਟੀ ਨੂੰ ਰਾਜਨੀਤਿਕ ਲਾਭ ਵਾਸਤੇ ਵਰਤਿਆ ਜਾਂਦਾ ਰਿਹਾ ਹੈ, ਜਿਵੇਂ ਇੱਕ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੇਲੇ ਸਿੱਖ ਕਮਿੳੂਨਿਟੀ ਨਾਲ ਰਾਜਨੀਤਿਕ ਖੇਡ ਖੇਡੀ ਜਾਂਦੀ ਰਹੀ ਹੈ ਹੁਣ ਲੱਗ ਰਿਹਾ ਹੈ ਕਿ ਟਰੂਡੋ ਸਾਹਿਬ ਵੀ ਇਸ ਤਰ੍ਹਾਂ ਕਰ ਰਹੇ ਜਾਂ ਇਸ ਮੁੱਦੇ ਦਾ ਮੰਤਵ ਵੀ ਕੁਝ ਅਜਿਹਾ ਹੋ ਸਕਦਾ ਹੈ। ਟਰੂਡੋ ਆਪਣੀ ਪੋਲੀਟਿਕਸ ਨੂੰ ਚਮਕਾਉਣ ਵਾਸਤੇ ਜਗਮੀਤ ਸਿੰਘ ਨਾਲ ਤਾਲਮੇਲ ਰੱਖਦਾ ਹੈ, ਜੋ ਖਾਲਿਸਤਾਨ ਪੱਖੀ ਹਨ ਅਤੇ ਉਨ੍ਹਾਂ ਕੋਲ ਲੱਗਭੱਗ 25 ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਨੇ ਕਿ ਟਰੂਡੋ ਸਰਕਾਰ ਨੂੰ ਸਪੋਟ ਦਿੱਤੀ ਹੋਈ ਹੈ। ਇਹ ਸਭ ਰਾਜਨੀਤਿਕ ਗਤੀਵਿਧੀਆਂ ਹਨ।ਂ ਸਾਨੂੰ ਬਹੁਤ ਹੀ ਸਾਵਧਾਨ ਰਹਿ ਕੇ ਇਸ ਵਿਸ਼ੇ ਉੱਤੇ ਚਿੰਤਨ ਕਰਨ ਦੀ ਲੋੜ ਹੈ।
ਸ. ਜਸਦੀਪ ਸਿੰਘ ਜੈਸੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਕੁਝ ਚੀਜ਼ਾਂ ਬੈਕ ਫਾਈਰ ਵੀ ਕਰ ਜਾਂਦੀਆਂ ਹਨ, ਜਿਵੇਂ 2 ਸਾਲ ਪਹਿਲਾਂ ਅਮਰੀਕਾ ਵਿੱਚ ‘ਬਲੈਕ ਲਾਈਫ ਮੈਟਰ’ ਇੱਕ ਮੁੱਦਾ ਬਹੁਤ ਗਰਮਾਇਆ ਸੀ ਅਤੇ ਸਮੁੱਚੇ ਵਿਸ਼ਵ ਦਾ ਧਿਆਨ ਇਸ ਨੇ ਖਿਚਿਆ ਸੀ। ਢਾਈ ਸਾਲਾਂ ਬਾਅਦ ਜੇ ਇਸ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਕਿਹਾ ਜਾ ਰਿਹਾ ਕਿ ਇਸ ਨਾਲ ਉਨ੍ਹਾਂ ਨੂੰ ਘਾਟਾ ਹੀ ਪਿਆ ਹੈ, ਉਨ੍ਹਾਂ ਦਾ ਗਰਾਫ ਹੇਠਾਂ ਡਿੱਗਿਆ ਹੈ। ਉਨ੍ਹਾਂ ਦਾ ਆਪਣਾ ਕਹਿਣਾ ਹੈ ਕਿ ਸਾਡਾ ‘ਬੈਕ ਫਾਈਰ’ ਹੋਇਆ ਹੈ। ਇਸ ਲਈ ਪੰਜਾਬੀਆਂ ਨੂੰ ਬਹੁਤ ਧਿਆਨ ਨਾਲ ਸੋਚਣਾ ਪਵੇਗਾ ਕਿ ਸਾਡੇ ਜਜਬਾਤਾਂ ਨਾਲ ਖੇਡ ਕੇ ਕੋਈ ਸਾਨੂੰ ਰਾਜਨੀਤਿਕ ਖੇਡ ਵਿੱਚ ਇਸਤੇਮਾਲ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਬਿਨਾਂ ਛਾਨਬੀਨ ਅਤੇ ਬਿਨਾਂ ਸਬੂਤਾਂ ਤੋਂ ਐਨਾ ਵੱਡਾ ਇਲਜ਼ਾਮ ਲਾਉਣਾ ਕਿਸੇ ਜਾਤੀ ਰੰਜਿਸ਼ ਦਾ ਕਾਰਨ ਲੱਗਦਾ ਹੈ, ਕਿਉਕਿ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਭਾਰਤ ਨਾਲ ਉਨ੍ਹਾਂ ਦਾ ਤਾਲਮੇਲ ਠੀਕ ਨਹੀਂ ਬੈਠਾ ਲੱਗਦਾ ਇਸੇ ਲਈ ਉਨ੍ਹਾਂ ਵਾਪਸ ਕੈਨੇਡਾ ਪਹੁੰਚ ਕੇ ਇਹ ਵੱਡਾ ਮੁੱਦਾ ਉਠਾ ਦਿੱਤਾ ਹੈ।
ਅੰਤ ਵਿੱਚ ਉਨ੍ਹਾਂ ਸਮੂਹ ਪੰਜਾਬੀ ਕਮਿੳੂਨਿਟੀ ਨੂੰ ਅਪੀਲ ਕੀਤੀ ਕਿ ਪੰਜਾਬ ਨਾਲ ਤੇਲਮੇਲ ਕਦੀ ਘੱਟ ਨਹੀਂ ਹੋ ਸਕਦਾ ਇਸ ਲਈ ਬਹੁਤ ਹੀ ਸੋਚ ਸਮਝ ਕੇ ਸਾਨੂੰ ਆਪਣੇ ਫੈਸਲੇ ਲੈਣੇ ਹੋਣਗੇ।