ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਪਟਿਆਲਾ ਪਹੁੰਚੇ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਦੱਸ ਦਈਏ ਕਿ ਇਸ ਨਾਲ ਪੰਜਾਬ ਦੇ 14 ਸਰਕਾਰੀ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਪਟਿਆਲਾ ਤੋਂ ਸ਼ੁਰੂ ਹੋਇਆ।
1906 ਵਿੱਚ ਸਥਾਪਿਤ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਨੂੰ ਮਾਡਲ ਹਸਪਤਾਲ ਬਣਾਇਆ ਜਾਵੇਗਾ ਕਿਉਂਕਿ ਇੱਥੇ ਰੋਜ਼ਾਨਾ 1500 ਦੇ ਕਰੀਬ ਮਰੀਜ਼ ਓ.ਪੀ.ਡੀ. ਵਿੱਚ ਆਉਂਦੇ ਹਨ। ਇਹ ਹਸਪਤਾਲ ਲਗਭਗ 20 ਲੱਖ ਦੀ ਆਬਾਦੀ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਰੈਲੀ ਤੋਂ ਪਹਿਲਾਂ CM ਮਾਨ ਨੇ ਟਵੀਟ ਕੀਤਾ- ਅੱਜ ਦਾ ਦਿਨ ਪੰਜਾਬ ਦੇ ਲੋਕਾਂ ਲਈ ਖਾਸ ਹੈ…ਅੱਜ ਤੋਂ ਅਸੀਂ ਆਪਣੀ ਸਿਹਤ ਕ੍ਰਾਂਤੀ ਵਾਲੀ ਗਾਰੰਟੀ ਨੂੰ ਹੋਰ ਅੱਗੇ ਵਧਾਉਂਦਿਆਂ 550 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ…ਜਿਸਦੀ ਸ਼ੁਰੂਆਤ ਮੈਂ ਤੇ ਸਾਡੇ ਕੌਮੀ ਕਨਵੀਨਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨਵੀਨੀਕਰਨ ਕੀਤੇ ਗਏ ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਕਰਾਂਗੇ…ਹਸਪਤਾਲ ਦੀਆਂ ਕੁਝ ਤਸਵੀਰਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ
ਜ਼ਿਕਰ ਕਰ ਦਈਏ ਕਿ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਵੱਲੋਂ ਕੀਤੇ ਵਾਅਦਾਖ਼ਿਲਾਫ਼ੀ ਤੋਂ ਤੰਗ ਆ ਕੇ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਕੰਪਿਊਟਰ ਅਧਿਆਪਕਾਂ ਨੇ ਸੋਮਵਾਰ ਨੂੰ ਪਟਿਆਲਾ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।