ਭਾਰਤੀ ਹਾਕੀ ਟੀਮ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਪੁੱਜੀ
ਚੀਨ : ਭਾਰਤੀ ਪੁਰਸ ਹਾਕੀ ਟੀਮ ਨੇ ਅੱਜ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 2014 ਇੰਚੀਓਨ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਓਲੰਪਿਕ ਲਈ ਸਿੱਧੇ ਤੌਰ ‘ਤੇ ਕੁਆਲੀਫਾਈ ਕੀਤਾ ਸੀ। ਪਿਛਲੀ ਵਾਰ 2018 ‘ਚ ਜਕਾਰਤਾ ‘ਚ ਭਾਰਤੀ ਟੀਮ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਸੀ। ਭਾਰਤ ਲਈ ਹਾਰਦਿਕ ਸਿੰਘ (ਪੰਜਵੇਂ ਮਿੰਟ), ਮਨਦੀਪ ਸਿੰਘ (11ਵੇਂ ਮਿੰਟ) ਅਤੇ ਲਲਿਤ ਉਪਾਧਿਆਏ (15ਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿੱਚ ਹੀ ਤਿੰਨ ਗੋਲ ਕੀਤੇ ਸਨ। ਦੂਜੇ ਕੁਆਰਟਰ ਵਿੱਚ ਕੋਰੀਆ ਦੇ ਮਾਨੇ ਜੁੰਗ ਨੇ 17ਵੇਂ ਅਤੇ 20ਵੇਂ ਮਿੰਟ ਵਿੱਚ ਦੋ ਗੋਲ ਕਰਕੇ ਭਾਰਤੀ ਕੈਂਪ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। 24ਵੇਂ ਮਿੰਟ ਵਿੱਚ ਭਾਰਤ ਦੇ ਅਮਿਤ ਰੋਹੀਦਾਸ ਨੇ ਗੋਲ ਕੀਤਾ।
ਇਸ ਦੌਰਾਨ ਜੁੰਗ ਨੇ 47ਵੇਂ ਮਿੰਟ ਵਿੱਚ ਕੋਰੀਆ ਲਈ ਇੱਕ ਵਾਰ ਫਿਰ ਗੋਲ ਕੀਤਾ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਅਭਿਸ਼ੇਕ ਨੇ 54ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ। 7 ਅਕਤੂਬਰ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਚੀਨ ਜਾਂ ਜਾਪਾਨ ਨਾਲ ਹੋਵੇਗਾ।