ਬਾਸਮਤੀ ਇਸ ਵਾਰ ਕਿਸਾਨਾਂ ਦੇ ਵਾਰੇ-ਨਿਆਰੇ ਕਰ ਰਹੀ ਹੈ। ਸੂਬੇ ਦੀਆਂ ਕਈ ਮੰਡਿਆਂ ਵਿੱਚ ਬਾਸਮਤੀ ਦਾ ਭਾਅ 5000 ਰੁਪਏ ਪ੍ਰਤੀ ਕੁੰਇਟਲ ਤੱਕ ਪਹੁੰਚ ਗਿਆ ਹੈ। ਉਂਝ ਸੂਬੇ ਅੰਦਰ ਬਾਸਮਤੀ ਔਸਤਨ 3700 ਤੋਂ 3800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਪਿਛਲੇ ਸਾਲ ਇਹ ਭਾਅ ਔਸਤਨ 3300 ਤੋਂ 3400 ਰੁਪਏ ਪ੍ਰਤੀ ਕੁਇੰਟਲ ਸੀ। ਇਸ ਲਈ ਬਾਸਮਤੀ ਦੇ ਭਾਅ ਵਿੱਚ ਵੱਡਾ ਉਛਾਲ ਵੇਖਿਆ ਜਾ ਸਕਦਾ ਹੈ।ਸੂਤਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੇ ਪਹਿਲਾਂ ਤੈਅ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਵਿੱਚ ਕਟੌਤੀ ਮਗਰੋਂ ਹੀ ਪੰਜਾਬ ਵਿੱਚ ਬਾਸਮਤੀ ਦੇ ਭਾਅ ਨੂੰ ਇਕਦਮ ਹੁਲਾਰਾ ਮਿਲਿਆ ਹੈ। ਉਂਜ ਪੰਜਾਬ ਵਿੱਚੋਂ ਬਰਾਮਦ ਕੀਤੀ ਜਾਂਦੀ ਬਾਸਮਤੀ ਦਾ ਮੁੱਲ 900 ਤੋਂ 950 ਡਾਲਰ ਪ੍ਰਤੀ ਟਨ ਹੈ। ਭਾਰਤ ਸਰਕਾਰ ਨੇ ਇਹ ਮੁੱਲ ਹੁਣ 850 ਡਾਲਰ ਪ੍ਰਤੀ ਟਨ ਕਰ ਦਿੱਤਾ ਹੈ।
ਖੇਤੀ ਮਹਿਕਮੇ ਮੁਤਾਬਕ ਪਿਛਲੇ ਸਾਲ ਬਾਸਮਤੀ ਦਾ ਭਾਅ ਵੱਧ ਤੋਂ ਵੱਧ ਚਾਰ ਹਜ਼ਾਰ ਰੁਪਏ ਕੁਇੰਟਲ ਨੂੰ ਛੂਹਿਆ ਸੀ ਜਦੋਂਕਿ ਪੰਜਾਬ ਮੰਡੀ ਬੋਰਡ ਦੇ ਪੋਰਟਲ ਅਨੁਸਾਰ ਇਸ ਵਾਰ ਬਾਸਮਤੀ ਦਾ ਭਾਅ ਪੰਜ ਹਜ਼ਾਰ ਪ੍ਰਤੀ ਕੁਇੰਟਲ ਤੱਕ ਗਿਆ ਹੈ। ਉਂਝ ਬਾਸਮਤੀ ਦਾ ਔਸਤਨ ਭਾਅ 3700 ਰੁਪਏ ਤੋਂ 3800 ਰੁਪਏ ਪ੍ਰਤੀ ਕੁਇੰਟਲ ਹੈ ਜਦੋਂਕਿ ਪਿਛਲੇ ਸਾਲ ਇਹ ਔਸਤਨ 3300 ਤੋਂ 3400 ਰੁਪਏ ਪ੍ਰਤੀ ਕੁਇੰਟਲ ਸੀ।
ਖੇਤੀ ਵਿਭਾਗ ਦਾ ਮੰਨਣਾ ਹੈ ਕਿ ਕਈ ਮੰਡੀਆਂ ਵਿੱਚ ਬਾਸਮਤੀ ਦਾ ਭਾਅ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਗਿਆ ਹੈ ਤੇ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਵੱਧ ਭਾਅ ਮਿਲ ਰਿਹਾ ਹੈ। ਉਨ੍ਹਾਂ ਮੁਤਾਬਕ ਪੰਜਾਬ ਦੀ ਬਾਸਮਤੀ ਕੀਟਨਾਸ਼ਕ ਮੁਕਤ ਹੈ। ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੇ ਕੌਮਾਂਤਰੀ ਮਿਆਰਾਂ ਦੇ ਮੱਦੇਨਜ਼ਰ 10 ਤਰ੍ਹਾਂ ਦੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ ਹੋਈ ਤਾਂ ਜੋ ਕੌਮਾਂਤਰੀ ਬਾਜ਼ਾਰ ਵਿਚ ਕੋਈ ਅੜਿੱਕਾ ਨਾ ਪਏ।