ਗੁਰਦੁਆਰਾ ਬਾਲਟੀਮੋਰ ਵਿਖੇ ਕਮੇਟੀ ਮੈਂਬਰਾਂ ਨੇ ਦਿੱਤਾ ਸਪੱਸ਼ਟੀਕਰਨ
ਗੁਰਘਰ ਦੇ ਦਰਵਾਜੇ ਸਾਰਿਆਂ ਲਈ ਹਮੇਸ਼ਾਂ ਖੁੱਲ੍ਹੇ ਹਨ : ਕਮੇਟੀ ਮੈਂਬਰ

ਬਾਲਟੀਮੋਰ Amazing tv USA ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਕੁਝ ਵਿਅਕਤੀਆਂ ਵੱਲੋਂ ਕਮੇਟੀ ਮੈਂਬਰਾਂ ਨਾਲ ਤਕਰਾਰ ਚੱਲ ਰਹੀ ਹੈ। ਗੁਰਦੁਆਰਾ ਬਾਲਟੀਮੋਰ ਦੀ ਸਮੁੱਚੀ ਕਮੇਟੀ ਨਾਲ ਡੀ.ਸੀ. ਪੰਜਾਬ ਨਿੳੂਜ਼ ਚੈਨਲ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ।
ਗੱਲਬਾਤ ਦੌਰਾਨ ਚੇਅਰਮੈਨ ਸ. ਚਰਨਜੀਤ ਸਿੰਘ, ਵਾਈਸ ਪ੍ਰਧਾਾਨ ਸ. ਦਲਜੀਤ ਸਿੰਘ ਬੱਬੀ, ਪ੍ਰਧਾਨ ਸ. ਗੁਰਪ੍ਰੀਤ ਸਿੰਘ ਸੰਨੀ, ਜਨਰਲ ਸੈਕਟਰੀ ਸ. ਹਰਭਜਨ ਸਿੰਘ, ਸਾਬਕਾ ਪ੍ਰਧਾਨ ਸ. ਦਲਬੀਰ ਸਿੰਘ ਨਾਲ ਬਹੁਤ ਵਿਸਥਾਰ ਪੂਰਵਕ ਵਿਚਾਰ ਚਰਚਾਵਾਂ ਕੀਤੀਆਂ ਗਈਆਂ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕੁਝ ਵਿਅਕਤੀ ਇਹ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਿਆ ਗਿਆ ਹੈ, ਪਰ ਅਸੀਂ ਦੱਸਣਾ ਚਾਹੁੰਦੇ ਹਨ ਕਿ ਇਹ ਵਿਅਕਤੀ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਅਸੀਂ ਗੁਰਦੁਆਰਾ ਸਾਹਿਬ ਵਿੱਚ ਪ੍ਰਵਾਨਿਤ ਰਹਿਤ ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪ੍ਰਬੰਧ ਚਲਾਉਦੇ ਹਾਂ, ਪਰ ਇਹ ਕੁਝ ਲੋਕ ਕੱਟੜਵਾਦ ਦੇ ਚੱਲਦਿਆਂ ਗੈਰ-ਪੰਥਕ ਮੁੱਦਿਆਂ ਉੱਤੇ ਬਹਿਸ ਕਰਕੇ ਸ਼ਰਧਾ ਵਿੱਚ ਵਿਘਨ ਪਾਉਦੇ ਹਨ। ਗੁਰਦੁਆਰਾ ਸਾਹਿਬ ਵਿੱਚ ਪੂਰਨ ਮਰਿਆਦਾ ਕਾਇਮ ਰੱਖਣ ਲਈ ਸਾਨੂੰ ਇਨ੍ਹਾਂ ਖਿਲਾਫ ਕੁਝ ਸਖਤ ਕਦਮ ਚੁੱਕਣੇ ਪਏ ਹਨ, ਪਰ ਇਹ ਕੁਝ ਕੁ ਸਮੇਂ ਲਈ ਹੀ ਹਨ। ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੀ ਸਮੁੱਚੀ ਸੰਗਤ ਸਵੇਰੇ ਸ਼ਾਮ ਗੁਰਬਾਣੀ ਕੀਰਤਨ ਅਤੇ ਨਿਤਨੇਮ ਸ਼ਰਧਾਪੂਵਕ ਨਿਰੰਤਰ ਕਰ ਰਹੇ ਹਨ। ਪਰ ਕੁਝ ਅਖੌਤੀ ਪੰਥਕ ਆਗੂ ਜੋ ਸਿਰਫ ਬਾਣੇ ਪਾ ਕੇ ਆਪਣੇ ਆਪ ਨੂੰ ਪੂਰਨ ਗੁਰਸਿੱਖ ਦਿਖਾ ਰਹੇ ਹਨ ਉਨ੍ਹਾਂ ਵੱਲੋਂ ਗੁਰਮਤਿ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਮੌਜੂਦਾ ਕਮੇਟੀ ਨੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਹੈ। ਪਰ ਅਸੀਂ ਉਨ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਗੁਰਦੁਆਰਾ ਸਾਹਿਬ ਦਾ ਸੰਪੂਰਨ ਪ੍ਰਬੰਧ ਇਸੇ ਤਰ੍ਹਾਂ ਗੁਰਮਤਿ ਮਰਿਆਦਾ ਨਾਲ ਚੱਲਦਾ ਰਹੇਗਾ।
