ਭਾਰਤ ਵੱਲੋਂ ਕੈਨੇਡੀਅਨ ਵੀਜਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਸੁਆਗਤ
ਟੋਰਾਂਟੋ : ਕੈਨੇਡਾ ਨੇ ਕੁਝ ਵੀਜਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾ ਭਰੇ ਸਮੇਂ ਤੋਂ ਬਾਅਦ ਚੰਗਾ ਸੰਕੇਤ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਵਿਦੇਸਾਂ ਤੋਂ ਅਪਲਾਈ ਕਰਨ ਵਾਲੇ ਕੈਨੇਡੀਅਨਾਂ ਲਈ ਕੁਝ ਕਿਸਮ ਦੀਆਂ ਵੀਜਾ ਅਰਜੀਆਂ ਦੀ ਪ੍ਰਕਿਰਿਆ ਮੁੜ ਸੁਰੂ ਕਰਨਗੇ।
ਦੱਸਣਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਕੈਨੇਡਾ ਵਿਚ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਪੇਸ਼ਕਦਮੀ ਨਜਰ ਆਉਂਦੀ ਹੈ ਤਾਂ ਭਾਰਤ ‘ਬਹੁਤ ਜਲਦੀ’ ਕੈਨੇਡੀਅਨ ਨਾਗਰਿਕਾਂ ਲਈ ਵੀਜਾ ਸੇਵਾਵਾਂ ਬਹਾਲ ਕਰਨ ਬਾਰੇ ਵਿਚਾਰ ਕਰ ਸਕਦਾ ਹੈ। ਖਾਲਿਸਤਾਨੀ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਕਥਿਤ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਦਾਅਵੇ ਮਗਰੋਂ ਦੋਵਾਂ ਮੁਲਕਾਂ ਵਿੱਚ ਕੂਟਨੀਤਕ ਟਕਰਾਅ ਵੱਧ ਗਿਆ ਸੀ। ਭਾਰਤ ਨੇ ਮਗਰੋਂ ਕੈਨੇਡਾ ਵਿੱਚ ਆਪਣੀਆਂ ਵੀਜਾ ਸੇਵਾਵਾਂ ਆਰਜੀ ਤੌਰ ’ਤੇ ਬੰਦ ਕਰ ਦਿੱਤੀਆਂ ਸਨ।