ਡੇਂਗੂ ਤੇ ਚਿਕਨਗੁਨੀਆ ਦੇ ਪੰਜਾਬ ਭਰ ’ਚ ਕੇਸ ਵਧੇ ਰਹੇ
ਚੰਡੀਗੜ੍ਹ : ਪੰਜਾਬ ਵਿੱਚ ਡੇਂਗੂ ਤੇ ਚਿਕਨਗੁਨੀਆ ਦਾ ਕਹਿਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਹਲਕਾ ਬੁਖਾਰ ਚੜ੍ਹਨ ’ਤੇ ਵੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਟੀਮਾਂ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖੜ੍ਹੇ ਪਾਣੀ ਦੀ ਜਾਂਚ ਕਰ ਰਹੀਆਂ ਹਨ। ਇਸ ਦੇ ਬਾਵਜੂਦ ਸੂਬੇ ’ਚ ਡੇਂਗੂ ਤੇ ਚਿਕਨਗੁਨੀਆ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਪੰਜਾਬ ਦੇ ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ ਤੇ ਡੇਂਗੂ ਕਰਕੇ 7 ਜਣਿਆਂ ਨੂੰ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚਿਕਨਗੁਨੀਆ ਦੇ ਕੇਸਾਂ ਦੀ ਗਿਣਤੀ ਵੀ 1100 ਦੇ ਕਰੀਬ ਪਹੁੰਚ ਗਈ ਹੈ। ਇਸ ਸਮੇਂ ਸੂਬੇ ਵਿੱਚ ਡੇਂਗੂ ਤੇ ਚਿਕਨਗੁਨੀਆ ਦੇ ਕੇਸ ਸਭ ਤੋਂ ਵੱਧ ਹੁਸ਼ਿਆਰਪੁਰ ਜ਼ਿਲ੍ਹੇ ਵੱਚ ਪਾਏ ਜਾ ਰਹੇ ਹਨ ਜਿੱਥੇ ਡੇਂਗੂ ਦੇ 1136 ਕੇਸ ਸਾਹਮਣੇ ਆ ਚੁੱਕੇ ਹਨ ਅਤੇ 3 ਜਣਿਆਂ ਦੀ ਮੌਤ ਵੀ ਹੋ ਚੁੱਕੀ ਹੈ। ਉੱਧਰ ਚਿਕਨਗੁਨੀਆ ਦੇ ਵੀ 142 ਕੇਸ ਆਏ ਹਨ ਜੋ ਸੂਬੇ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਵੱਧ ਹਨ।
ਸਿਹਤ ਵਿਭਾਗ ਅਨੁਸਾਰ ਦੂਜੇ ਨੰਬਰ ’ਤੇ ਮੁਹਾਲੀ ਜ਼ਿਲ੍ਹਾ ਹੈ ਜਿਥੇ ਡੇਂਗੂ ਦੇ 926 ਕੇਸ ਸਾਹਮਣੇ ਆ ਚੁੱਕੇ ਹਨ ਜਦੋਂਕਿ ਚਿਕਨਗੁਨੀਆ ਦੇ 10 ਕੇਸ ਆਏ ਹਨ। ਇਸ ਤੋਂ ਬਾਅਦ ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੇ 749 ਮਰੀਜ ਆਏ ਹਨ, ਜਿਸ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਪਟਿਆਲਾ ਵਿੱਚ ਚਿਕਨਗੁਨੀਆ ਦੇ 8 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਵੀ ਡੇਂਗੂ ਕਰਕੇ ਬਠਿੰਡਾ ਤੇ ਗੁਰਦਾਸਪੁਰ ਵਿੱਚ ਇਕ-ਇਕ ਮਰੀਜ਼ ਦੀ ਡੇਂਗੂ ਕਰਕੇ ਮੌਤ ਹੋ ਚੁੱਕੀ ਹੈ।