ਤਿਉਹਾਰਾਂ ਦੇ ਸੀਜ਼ਨ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਲੁਧਿਆਣਾ ਵਿੱਚ ਐਤਵਾਰ ਸ਼ਾਮ ਨੂੰ ਹਵਾ ਗੁਣਵੱਤਾ ਸੂਚਕ ਅੰਕ 217 ਤੱਕ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਪ੍ਰਦੂਸ਼ਣ ਹੋਰ ਵਧਣ ਦੇ ਆਸਾਰ ਹਨ। ਇਸ ਦਾ ਕਾਰਨ ਪਰਾਲੀ ਸਾੜਨ ਦੇ ਨਾਲ-ਨਾਲ ਵਾਹਨਾਂ ਤੇ ਪਟਾਕਿਆਂ ਦੇ ਧੂੰਏਂ ਨੂੰ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਮਗਰੋਂ ਵੀ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਇਸ ਅੱਗ ਨਾਲ ਜਿੱਥੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਜ਼ਮੀਨ ਵਿਚਲੇ ਫਸਲਾਂ ਨੂੰ ਲੋੜੀਂਦੇ ਬਹੁਤੇ ਤੱਤ ਵੀ ਨਸ਼ਟ ਹੋ ਰਹੇ ਹਨ। ਇਸ ਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ।
ਲੁਧਿਆਣਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਸ਼ਹਿਰ ਵਿੱਚ ਸਵੇਰੇ ਸ਼ਾਮ ਧੂੰਏਂ ਦੀ ਚਾਦਰ ਵਿੱਛ ਜਾਂਦੀ ਹੈ। ਇਸ ਕਾਰਨ ਜਿੱਥੇ ਸੜਕਾਂ ’ਤੇ ਵਾਹਨ ਚਾਲਕਾਂ ਨੂੰ ਅੱਗੇ ਵਧਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦਮਾ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੀ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।
ਲੁਧਿਆਣਾ ਵਿੱਚ ਐਤਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 217 ਰਿਹਾ ਜਦਕਿ ਬੀਤੇ ਦਿਨ ਇਹ 130 ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਪ੍ਰਦੂਸ਼ਨ ਹੋਰ ਵਧੇਗਾ। ਇਸ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਬਿਮਾਰੀਆਂ ਦਾ ਖਤਰਾ ਵੀ ਵਧੇਗਾ। ਉਂਝ ਇਸ ਵਾਰ ਸਰਕਾਰ ਨੇ ਪਟਾਕਿਆਂ ਉੱਪਰ ਵੀ ਸ਼ਿਕੰਜਾ ਕੱਸਿਆ ਹੈ।