ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ 1 ਨਵੰਬਰ ਨੂੰ ਉਹਨਾਂ ਵੱਲੋਂ ਰੱਖੀ ਬਹਿਸ ਦਾ ਏਜੰਡਾ 30 ਅਕਤੂਬਰ ਦੁਪਹਿਰ 1.00 ਵਜੇ ਤੱਕ ਸਪਸ਼ਟ ਕਰਨ ਕਿਉਂਕਿ ਹਾਲੇ ਤੱਕ ਬਹਿਸ ਲਈ ਕੋਈ ਏਜੰਡਾ ਤੈਅ ਨਹੀਂ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਸਾਹਮਣੇ ਇਸ ਵੇਲੇ ਸੁਪਰੀਮ ਕੋਰਟ ਦਾ ਉਹ ਤਾਜ਼ਾ ਫੈਸਲਾ ਹੈ ਜਿਸ ਰਾਹੀਂ ਉਸਨੇ ਪੰਜਾਬ ਸਰਕਾਰ ਨੂੰ ਸਤਲੁਜ ਯਮੁਨਾਲਿੰਕ ਨਹਿਰ ਨਿਸ਼ਚਿਤ ਸਮੇਂ ਵਿਚ ਪੂਰੀ ਕਰਨ ਦੀ ਹਦਾਇਤ ਕੀਤੀ ਹੈ।
ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਇਸਦੇ ਵਿਰੋਧ ਵਾਸਤੇ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਵਾਸਤੇ ਚੰਗਾ ਹੋਵੇਗਾ ਕਿ ਜੇਕਰ ਧਿਆਨ ਸਿਰਫ ਕਿਸੇ ਵੀ ਕੀਮਤ ’ਤੇ ਪੰਜਾਬੀ ਦੇ ਦਰਿਆਈ ਪਾਣੀਆਂ ਦੀ ਰਾਖੀ ਤੱਕ ਸੀਮਤ ਰਹੇ। ਹੋਰ ਮੁੱਦੇ ਵੱਖਰੀ ਤਾਰੀਕ ਨੂੰ ਵਿਚਾਰੇ ਜਾ ਸਕਦੇ ਹਨ।
ਇਹਨਾਂ ਆਗੂਆਂ ਨੇ ਕਿਹਾ ਕਿ ਸੂਬੇ ਅਤੇ ਇਸਦੇ ਕਿਸਾਨਾਂ ਲਈ ਮੁੱਦੇ ਦੀ ਅਹਿਮੀਅਤ ਦਾ ਧਿਆਨ ਵਿਚ ਰੱਖਦਿਆਂ ਐਡਵਾਂਸ ਵਿਚ ਵਿਸਥਾਰਿਤ ਰਣਨੀਤੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਦਰਮਿਆਨ ਫੌਰੀ ਮੀਟਿੰਗ ਹੋਣੀ ਚਾਹੀਦੀ ਹੈ ਤਾਂ ਜੋ ਏਜੰਡਾ ਤੇ ਹੋਰ ਬਾਰੀਕੀਆਂ ਵਿਸਥਾਰ ਨਾਲ ਤੈਅ ਕੀਤੀਆਂ ਜਾ ਸਕਣ।
ਓਧਰ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਾਲੇ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਹੋਣ ਵਾਲੀ ਬਹਿਸ ਲਈ ਆਮ ਆਦਮੀ ਪਾਰਟੀ ਕਾਫੀ ਉਤਸੁਕ ਹੈ। ਐਤਵਾਰ ਨੂੰ ਪਾਰਟੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਪਹਿਲੀ ਨਵੰਬਰ ਦੀ ਬਹਿਸ ਸਬੰਧੀ ‘ਮੈਂ ਪੰਜਾਬ ਬੋਲਦਾਂ ਹਾਂ’ ਨਾਂ ਤੋਂ ਟੀਜ਼ਰ ਜਾਰੀ ਕੀਤਾ ਗਿਆ ਹੈ।