ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਪੰਜਾਬ ਦੀ ਸਿਆਸਤ ਵਿੱਚ ਅਹਿਮ ਰੋਲ ਅਦਾ ਕਰਦੀ ਸੀ।
ਭਾਰਤ ਦੀਆਂ ਸਭ ਤੋਂ ਵੱਡੀਆਂ ਅਹਿਮ ਖੇਤਰੀ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ੁਮਾਰ ਹੁੰਦਾ ਸੀ। ਸਿੱਖ ਸਿਆਸਤ ਅਤੇ ਸਿੱਖ ਮੁੱਦਿਆਂ ਲਈ ਅਹਿਮ ਫੈਸਲੇ ਲੈਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿੱਚ ਹਾਲ ਦੇ ਸਾਲਾਂ ਵਿੱਚ ਸੰਕਟ ਦਾ ਸਾਹਮਣਾ ਕਰ ਰਹੀ ਹੈ। ਚੋਣਾਂ ਵਿੱਚ ਹਾਰ ਅਤੇ ਕੁਝ ਧਾਰਮਿਕ ਅਤੇ ਸਿਆਸੀ ਮੁੱਦਿਆਂ ਉੱਤੇ ਉਸ ਨੂੰ ਸਪੱਸ਼ਟੀਕਰਨ ਦੇਣਾ ਔਖਾ ਹੋਇਆ ਪਿਆ ਹੈ। ਸ. ਪ੍ਰਕਾਸ਼ ਸਿੰਘ ਬਾਦਲ ਸਮੇਂ ਪਾਰਟੀ ਦਾ ਪੂਰਾ ਦਬਦਬਾ ਸੀ ਅਤੇ ਅਕਾਲੀਆਂ ਦੀ ਤੂਤੀ ਬੋਲਦੀ ਸੀ, ਪਰ ਹੁਣ ਇਹ ਪਾਰਟੀ ਆਪਣਾ ਵਜੂਦ ਦੀ ਲੜਾਈ ਲੜ ਰਹੀ ਹੈ। ਸਵ. ਸ. ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਆਪਣੇ ਅਕਸ ਨੂੰ ਸਾਫ-ਸੁਥਰਾ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਜਨਤਾ ਦੀ ਧਾਰਨਾ ਕਾਫੀ ਹੱਦ ਤੱਕ ਨਕਾਰਾਤਮਕ ਹੀ ਜਾਪਦੀ ਹੈ।
ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਾਰਟੀ ਦੀ ਕਮਾਨ ਸੰਭਾਲ ਰਹੇ ਬਾਦਲ ਰੋਜਾਨਾ ਮੀਡੀਆ ਦੇ ਸਾਹਮਣੇ ਬਿਆਨ ਦੇ ਕੇ ਪਾਰਟੀ ਨੂੰ ਸਕਾਰਾਤਮਕ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਪਾਰਟੀ ਦੇ ਪਿਛਲੇ 15 ਸਾਲਾਂ ਦੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਜਨਤਾ ਇਨ੍ਹਾਂ ਯਤਨਾਂ ਨੂੰ ਲੈ ਕੇ ਸ਼ੱਕੀ ਜਾਪਦੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੱਜ ਇੱਕ ਵੱਡੇ ਥੰਮ ਵਜੋਂ ਜਾਣੇ ਜਾਂਦੇ ਸ. ਬਿਕਰਮ ਸਿੰਘ ਮਜੀਠੀਆ ਜੋ ਮਾਝੇ ਦੇ ਸਰਦਾਰ ਕਹਾਉਦੇ ਹਨ ਵੀ ਪਾਰਟੀ ਦੇ ਅਕਸ ਨੂੰ ਸੁਧਾਰਨ ਲਈ ਸਰਗਰਮੀ ਨਾਲ ਵਿਚਰ ਰਹੇ ਹਨ ਅਤੇ ਯਤਨਸੀਲ ਹਨ। ਉਹ ਸੋਸਲ ਮੀਡੀਆ ਪਲੇਟਫਾਰਮਾਂ ’ਤੇ ਵੀਡੀਓ ਜਾਰੀ ਕਰ ਰਿਹਾ ਹੈ, ਜਨਤਾ ਨੂੰ ਸਿੱਧੇ ਤੌਰ ’ਤੇ ਸੰਬੋਧਿਤ ਕਰਦੇ ਹਨ ਹਾਲਾਂਕਿ, ਇਹ ਕੋਸ਼ਿਸਾਂ ਨੂੰ ਵੀ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਜਨਤਾ ਦਾ ਪਾਰਟੀ ਪ੍ਰਤੀ ਬੇਵਿਸਵਾਸੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੇ ਉਦੇਸ਼ ਨਾਲ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਸਵ: ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਬਤੌਰ ਮੱੁਖ ਮੰਤਰੀ ਚੁਣੇ ਗਏ ਸਨ, ਜੋ ਕਿ ਅੱਜ ਤੱਕ ਦਾ ਰਿਕਾਰਡ ਹੈ, ਪਰ ਹਾਲਤ ਹੁਣ ਇਹ ਹਨ ਕਿ ਪਿਛਲੇ ਸਾਲਾਂ ਤੋਂ ਪਾਰਟੀ ਦੀਆਂ ਕਾਰਵਾਈਆਂ ਨੇ ਜਨਤਾ ਵਿੱਚ ਵਿਸਵਾਸ ਦਾ ਇੱਕ ਮਹੱਤਵਪੂਰਨ ਨੁਕਸਾਨ ਕੀਤਾ ਹੈ। ਪਾਰਟੀ ’ਤੇ ਪੰਜਾਬ ਦੇ ਲੋਕਾਂ ਲਈ ਕੰਮ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਪਾਰਟੀ ਵਿਚ ਵਿਆਪਕ ਵਿਸਵਾਸ਼ ਦੀ ਘਾਟ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਨੇਤਾਵਾਂ ’ਤੇ ਕਈ ਦੋਸਾਂ ਨਾਲ ਘਿਰ ਗਈ ਹੈ। ਇਨ੍ਹਾਂ ਦੋਸਾਂ ਨੇ ਪਾਰਟੀ ਦੇ ਅਕਸ ਨੂੰ ਹੋਰ ਗੰਧਲਾ ਕੀਤਾ ਹੈ, ਜਿਸ ਨਾਲ ਪਾਰਟੀ ਲਈ ਜਨਤਾ ਦਾ ਵਿਸਵਾਸ ਮੁੜ ਹਾਸਲ ਕਰਨਾ ਮੁਸਕਲ ਹੋ ਗਿਆ ਹੈ।
ਅੱਜ ਦੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਅਕਸ ਸੁਧਾਰਨ ਦੇ ਲਗਾਤਾਰ ਯਤਨਾਂ ਦੇ ਬਾਵਜੂਦ, ਪਾਰਟੀ ਲੋਕਾਂ ਦਾ ਭਰੋਸਾ ਜਿੱਤਣ ਲਈ ਸੰਘਰਸ ਕਰਦੀ ਨਜਰ ਆ ਰਹੀ ਹੈ। ਪਾਰਟੀ ਦੇ ਨੇਤਾਵਾਂ ਨੂੰ ਆਪਣੇ ’ਤੇ ਲੱਗੇ ਦੋਸਾਂ ਨੂੰ ਹੱਲ ਕਰਨ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਮਹੱਤਵਪੂਰਨ ਕਦਮ ਚੁੱਕਣ ਦੀ ਜਰੂਰਤ ਹੋਏਗੀ ਜੇਕਰ ਉਹ ਆਪਣੀ ਗੁਆਚੀ ਭਰੋਸੇਯੋਗਤਾ ਮੁੜ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਮਿਹਨਤ ਅਤੇ ਲਗਨ ਦੀ ਲੋੜ ਹੈ। ਹੁਣ ਦੇਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਵਜੂਦ ਦੀ ਲੜਾਈ ਕਿਵੇਂ ਜਿੱਤਦੀ ਹੈ?
varinder Singh, journalist
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)