ਜਲੰਧਰ – ਐਂਟੀ ਨਾਰਕੋਟਿਕਸ ਸੈੱਲ (ਸੀ. ਆਈ. ਏ.-2) ਦੀ ਟੀਮ ਨੇ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਜਲੰਧਰ ’ਚ ਸਪਲਾਈ ਕਰਨ ਵਾਲੇ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਦੇ ਕਬਜ਼ੇ ’ਚੋਂ 1 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸੀ. ਆਈ. ਏ.-2 ਦੇ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਲੰਮਾ ਪਿੰਡ ਚੌਂਕ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਇਕ ਚਿੱਟੇ ਰੰਗ ਦੀ ਐਕਟਿਵਾ ਨੰ. ਪੀ. ਬੀ. 08 ਐੱਫ਼. ਈ.-8711 ’ਤੇ ਸਵਾਰ ਉਕਤ ਨਸ਼ਾ ਸਮੱਗਲਰਾਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ।
ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਸ ਕਮਿਸ਼ਨਰ ਜਲੰਧਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਸਦਰ-8 ਦੇ ਇਲਾਕੇ ’ਚੋਂ ਕਾਬੂ ਕੀਤੇ ਗਏ ਨਸ਼ਾ ਸਮੱਗਲਰਾਂ ਦੀ ਪਛਾਣ ਜਸਪ੍ਰੀਤ ਸਿੰਘ ਸਾਹਿਲ ਪੁੱਤਰ ਹਰਪਾਲ ਸਿੰਘ ਅਤੇ ਪੰਕਜ ਪੁੱਤਰ ਕਮਲ ਕਿਸ਼ੋਰ ਦੋਵੇਂ ਵਾਸੀ ਥ੍ਰੀ ਸਟਾਰ ਕਾਲੋਨੀ, ਜਲੰਧਰ ਵਜੋਂ ਹੋਈ ਹੈ। ਪ੍ਰੈੱਸ ਕਾਨਫ਼ਰੰਸ ’ਚ ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਅਤੇ ਏ. ਸੀ. ਪੀ. ਕ੍ਰਾਈਮ ਪਰਮਜੀਤ ਸਿੰਘ ਵੀ ਮੌਜੂਦ ਸਨ। ਸਾਹਿਲ ਅਤੇ ਪੰਕਜ ਖ਼ਿਲਾਫ਼ ਥਾਣਾ ਨੰ. 8 ’ਚ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।