ਪੁਣੇ- ਆਨਲਾਈਨ ਪਿਆਰ ਲੱਭਣਾ ਆਮ ਗੱਲ ਹੋ ਗਈ ਹੈ। Tinder, Hinge, Bumble, ਅਤੇ Facebook ਵਰਗੀਆਂ ਡੇਟਿੰਗ ਇਸ ਲਈ ਹੀ ਬਣੀਆਂ ਹਨ। ਕਈ ਲੋਕ ਸੋਸ਼ਲ ਮੀਡੀਆ ‘ਤੇ ਪਿਆਰ ਦੀ ਤਲਾਸ਼ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਲੰਬੇ ਸਮੇਂ ਤੱਕ ਚੱਲੇਗਾ। ਹਾਲਾਂਕਿ ਇਹ ਐਪਸ ਅਜਨਬੀਆਂ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਦੀ ਪਛਾਣ ਅਕਸਰ ਲੁੱਕੀ ਹੁੰਦੀ ਹੈ। ਇਸ ਲਈ ਇਕੱਲੇ ਵਿਅਕਤੀ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਆਧਾਰ ‘ਤੇ ਫ਼ੈਸਲਾ ਕਰਨਾ ਅਸੰਭਵ ਹੈ ਅਤੇ ਤੁਹਾਨੂੰ ਕਦੇ ਵੀ ਉਨ੍ਹਾਂ ‘ਤੇ ਪੂਰਾ ਭਰੋਸਾ ਨਹੀਂ ਕਰਨਾ ਚਾਹੀਦਾ।
ਅਜਿਹੀ ਹੀ ਇਕ ਘਟਨਾ ਪੁਣੇ ਦੀ ਦੱਸੀ ਜਾ ਰਹੀ ਹੈ, ਜਿੱਥੇ ਇਕ 30 ਸਾਲ ਦੇ ਵਿਅਕਤੀ ਨੂੰ ਵਿਆਹ ਦਾ ਵਾਅਦਾ ਕਰਨ ਵਾਲੀ ਔਰਤ ਨੇ 22 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਪੁਣੇ ਮਿਰਰ ਦੀ ਰਿਪੋਰਟ ਮੁਤਾਬਕ ਪੁਣੇ ਦੇ ਰਹਿਣ ਵਾਲੇ ਵਿਅਕਤੀ ਨੂੰ ਉਸ ਦੀ ਗਰਲਫਰੈਂਡ ਵਲੋਂ ਧੋਖਾ ਦਿੱਤਾ ਗਿਆ, ਜਿਸ ਨੂੰ ਉਹ ਸੋਸ਼ਲ ਮੀਡੀਆ ਮੰਚ ਫੇਸਬੁੱਕ ‘ਤੇ ਮਿਲਿਆ ਸੀ। ਔਰਤ ਦਾ ਨਾਂ ਗਾਇਤਰੀ ਹੈ, ਜੋ ਮਹਾਰਾਸ਼ਟਰ ਦੇ ਸੰਗਮਨੇਰ ਦੀ ਰਹਿਣ ਵਾਲੀ ਹੈ। ਪੁਲਸ ਮੁਤਾਬਕ ਔਰਤ ਨੇ ਪੀੜਤ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਦੱਸਿਆ ਸੀ ਕਿ ਉਹ ਕਿਸੇ ਆਰਥਿਕ ਤੰਗੀ ‘ਚੋਂ ਲੰਘ ਰਹੀ ਹੈ। ਉਸ ਦੀ ਗੱਲ ‘ਤੇ ਵਿਸ਼ਵਾਸ ਕਰਦੇ ਹੋਏ ਪੀੜਤ ਨੇ ਉਸ ਦੀ ਮੁਸ਼ਕਲ ‘ਚ ਮਦਦ ਕਰਨ ਲਈ 22 ਲੱਖ ਰੁਪਏ ਔਰਤ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ।
ਪੀੜਤ ਦੇ ਪੈਰਾਂ ਹੇਠੋਂ ਜ਼ਮੀਨ ਉਸ ਸਮੇਂ ਖਿਸਕੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾਧੜੀ ਹੋਈ ਹੈ। ਕੁਝ ਦਿਨਾਂ ਬਾਅਦ ਜਦੋਂ ਨੌਜਵਾਨ ਨੇ ਪੈਸੇ ਵਾਪਸ ਮੰਗੇ ਤਾਂ ਔਰਤ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਅਤੇ ਫੋਨ ਵੀ ਬੰਦ ਹੋ ਗਿਆ। ਇਸ ਤੋਂ ਬਾਅਦ ਨੌਜਵਾਨਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਿਸ ਨੌਜਵਾਨ ਨਾਲ ਉਸ ਨੇ ਇਹ ਸੋਚ ਕੇ ਦੋਸਤੀ ਕੀਤੀ ਸੀ ਕਿ ਉਹ ਔਰਤ ਹੈ, ਉਹ ਸਾਈਬਰ ਠੱਗ ਨਿਕਲੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।