ਜਲੰਧਰ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜਲੰਧਰ : ਥਾਣਾ ਰਾਮਾਂ ਮੰਡੀ ਦੇ ਪਿੰਡ ਦਕੋਹਾ ਦੀ ਬਾਂਸਾਂ ਵਾਲੀ ਗਲੀ ’ਚ ਦੇਰ ਰਾਤ ਬਦਮਾਸ਼ਾਂ ਨੇ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਪਰਿਵਾਰ ਵਾਲੇ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਛਾਣ ਰੋਹਿਤ ਉਰਫ਼ ਆਲੂ ਵਾਸੀ ਦਕੋਹਾ ਦੇ ਰੂਪ ’ਚ ਹੋਈ ਹੈ। ਮਿ੍ਰਤਕ ਦੀ ਭੈਣ ਛਾਇਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ’ਚ ਛੇ-ਸੱਤ ਨੌਜਵਾਨ ਨਸ਼ੇ ਦਾ ਧੰਦਾ ਕਰਦੇ ਹਨ। ਰੋਹਿਤ ਉਨ੍ਹਾਂ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਮੁਲਜਮ ਉਸ ਨਾਲ ਰੰਜਸ਼ਿ ਰੱਖਦੇ ਸਨ। ਉਨ੍ਹਾਂ ਨੇ ਹੀ ਉਸ ਦੇ ਭਰਾ ’ਤੇ ਗੋਲ਼ੀਆਂ ਚਲਾਈਆਂ। ਛਾਇਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਸ ਦੇ ਭਰਾ ’ਤੇ ਹਮਲਾ ਕੀਤਾ ਸੀ, ਜਿਸ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਸੀ। ਪੁਲੀਸ ਨੇ ਜੇ ਵੇਲੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਰੋਹਿਤ ਅੱਜ ਜਿਊਂਦਾ ਹੁੰਦਾ।