ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਖਲਿਾਫ ਕੇਸ ਰੱਦ ਕਰਨ ਦਾ ਹੁਕਮ ਦਿੱਤਾ
ਸਿਰਸਾ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੱਤ ਸਾਲ ਪਹਿਲਾਂ ਦਰਜ ਐੱਫਆਈਆਰ ਨੂੰ ਰੱਦ ਕਰਨ ਦੇ ਦਿੱਤੇ ਗਏ ਹੁਕਮ ਮਗਰੋਂ ਡੇਰਾ ਪ੍ਰੇਮੀ ਖੁਸ਼ ਹਨ। ਇਸ ਸਬੰਧੀ ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਦੱਸਿਆ ਹੈ ਕਿ ਡੇਰਾ ਮੁਖੀ ਵੱਲੋਂ ਸੱਤ ਸਾਲ ਪਹਿਲਾਂ ਸਤਿਸੰਗ ਕੀਤਾ ਗਿਆ ਸੀ। ਸਤਿਸੰਗ ਦੀ ਵੀਡੀਓ ਕਲਿੱਪ ਛੇੜਖਾਨੀ ਕਰਕੇ ਪੁਲੀਸ ਕੋਲ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਤੇ ਡੇਰੇ ਦੇ ਪੈਰੋਕਾਰਾਂ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਡੇਰੇ ਵੱਲੋਂ ਨਾ ਤਾਂ ਕਦੇ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਹੈ ਤੇ ਨਾ ਹੀ ਕਦੇ ਅਜਿਹਾ ਕੋਈ ਡੇਰਾ ਕਰਨ ਬਾਰੇ ਸੋਚੇਗਾ। ਡੇਰੇ ਦੇ ਬੁਲਾਰੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ।