ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ: ਦੀਵਾਲੀ ਤੋਂ ਅਗਲੇ ਦਿਨ ਨਵੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ। ਸਵਿਸ ਗਰੁੱਪ ਆਈਕਿਊ ਏਅਰ ਅਨੁਸਾਰ ਮੁੰਬਈ ਪੰਜਵੇਂ ਅਤੇ ਕੋਲਕਾਤਾ ਛੇਵੇਂ ਸਥਾਨ ’ਤੇ ਰਹੇ। ਦਿੱਲੀ ਵਿੱਚ ਬੀਤੇਂ ਦਿਨੀਂ ਮੀਂਹ ਕਰਕੇ ਹਵਾ ਪ੍ਰਦੂਸ਼ਣ ਤੋਂ ਕੁੱਝ ਰਾਹਤ ਮਿਲੀ ਸੀ ਪਰ ਐਤਵਾਰ ਰਾਤ ਦੀਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸਣ ਦਾ ਪੱਧਰ ਇਕ ਵਾਰ ਫਿਰ ਵਧ ਗਿਆ। ਇਸ ਦੌਰਾਨ ਸਾਮ 4 ਵਜੇ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 218 ਦਰਜ ਕੀਤਾ ਗਿਆ ਸੀ ਪਰ ਐਤਵਾਰ ਦੇਰ ਰਾਤ ਤੋਂ ਚਲਾਈ ਜਾਣ ਵਾਲੀ ਆਤਿਸਬਾਜੀ ਕਾਰਨ ਪ੍ਰਦੂਸਣ ਦਾ ਪੱਧਰ ਤੇਜੀ ਨਾਲ ਵਧਦਾ ਅੱਜ ਸ਼ਾਮ ਚਾਰ ਵਜੇ ਤੱਕ 358 ਤੱਕ ਪਹੁੰਚ ਗਿਆ। ਦਿੱਲੀ ਦੇ ਆਰ.ਕੇ ਪੁਰਮ ਵਿੱਚ ਏਕਿਊਆਈ 402, ਜਹਾਂਗੀਰਪੁਰੀ ਵਿੱਚ 419, ਬਵਾਨਾ ਵਿੱਚ 407 ਅਤੇ ਮੁੰਡਕਾ ਵਿੱਚ 403 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਦੀਵਾਲੀ ਤੋਂ ਅਗਲੇ ਦਿਨ ਦੇਸ ਭਰ ਦੇ ਸਹਿਰਾਂ ਵਿੱਚ ਹਵਾ ਪ੍ਰਦੂਸਣ ਦੇ ਪੱਧਰ ਵਿੱਚ ਤੇਜੀ ਨਾਲ ਵਾਧਾ ਨਜਰ ਆਇਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ ਦੇ ਬਾਗਪਤ ਵਿੱਚ ਏਕਿਊਆਈ 385, ਹਰਿਆਣਾ ਦੇ ਕੈਥਲ ਵਿੱਚ 361, ਰਾਜਸਥਾਨ ਦੇ ਭਰਤਪੁਰ ਵਿੱਚ 380 ਅਤੇ ਉੜੀਸਾ ਦੇ ਭੁਵਨੇਸ਼ਵਰ ਅਤੇ ਕੱਟਕ ਵਿੱਚ ਕ੍ਰਮਵਾਰ 260 ਅਤੇ 380 ਰਿਹਾ।
ਦਿੱਲੀ ਪ੍ਰਦੂਸਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਵਿਸਲੇਸਣ ਅਨੁਸਾਰ ਇਸ ਸਾਲ ਦੀਵਾਲੀ ਵਾਲੇ ਦਿਨ ਕੌਮੀ ਰਾਜਧਾਨੀ ਵਿੱਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀਐੱਮ2.5 ਅਤੇ ਪੀਐਮ10 ਦੇ ਪੱਧਰ ਵਿੱਚ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਦੇ ਮੁਕਾਬਲੇ ਕ੍ਰਮਵਾਰ 45 ਅਤੇ 33 ਫੀਸਦ ਦਾ ਵਾਧਾ ਹੋਇਆ ਹੈ। ਕੌਮੀ ਰਾਜਧਾਨ ਵਿੱਚ ਸਾਰੇ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀਵਾਲੀ ’ਤੇ ਪ੍ਰਦੂਸਣ ਦੇ ਪੱਧਰ ’ਚ ਵਾਧਾ ਦਰਜ ਕੀਤਾ ਹੈ। ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਅਤੇ ਭਾਜਪਾ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਦੀਵਾਲੀ ’ਤੇ ਆਤਿਸ਼ਬਾਜੀ ਚਲਾਉਣ ਲਈ ਉਕਸਾਇਆ, ਜਿਸ ਨਾਲ ਕੌਮੀ ਰਾਜਧਾਨੀ ਦੇ ਏਕਿਊਆਈ ਵਿੱਚ ਰਾਤੋ-ਰਾਤ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਤਿਸ਼ਬਾਜੀ ਲਈ ਪਟਾਕੇ ਯੂਪੀ ਅਤੇ ਹਰਿਆਣਾ ਤੋਂ ਲਿਆਂਦੇ ਗਏ ਸਨ। ਉਧਰ ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਦੋਸ਼ ਲਾਇਆ ਕਿ ‘ਆਪ’ ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਨਾਕਾਮ ਰਹੀ ਹੈ ਅਤੇ ਇਸ ਅਸਫਲਤਾ ਨੂੰ ਲੁਕਾਉਣ ਲਈ ਉਹ ਭਾਜਪਾ ’ਤੇ ਦੋਸ਼ ਲਾ ਰਹੀ ਹੈ।