ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਸਾਮਾਨ ਵੇਚਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਬ੍ਰਾਂਡ ਅਤੇ ਲੋਕ ਕਾਫੀ ਮੁਨਾਫਾ ਵੀ ਕਮਾ ਰਹੇ ਹਨ। ਜੇ ਗੱਲ ਟੈਕਸ ਦੀ ਕਰੀਏ ਤਾਂ ਇਨ੍ਹਾਂ ’ਚੋਂ ਕਈ ਲੋਕ ਟੈਕਸ ਨਹੀਂ ਦੇ ਰਹੇ ਹਨ। ਜੇ ਦੇ ਵੀ ਰਹੇ ਹਨ ਤਾਂ ਉਹ ਕਾਫ਼ੀ ਘੱਟ ਹੈ। ਇਨਕਮ ਟੈਕਸ ਨੇ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ। ਡਿਪਾਰਮੈਂਟ ਨੇ 10,000 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਹਾਲੇ ਈ. ਟੀ. ਡਿਪਾਰਟਮੈਂਟ ਵਲੋਂ 45 ਨੋਟਿਸ ਪੈਨ ਇੰਡੀਆ ਬ੍ਰਾਂਡਸ ਨੂੰ ਭੇਜ ਦਿੱਤੇ ਗਏ ਹਨ। ਕਈ ਨੋਟਿਸ ਭੇਜੇ ਜਾਣੇ ਬਾਕੀ ਹਨ। ਆਈ. ਟੀ. ਡਿਪਾਰਟਮੈਂਟ ਅਤੇ ਸਰਕਾਰ ਨੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਟੈਕਸ ਚੋਰੀ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਬੀਤੇ ਕੁੱਝ ਸਮੇਂ ਤੋਂ ਟੈਕਸ ਚੋਰੀ ਦੇ ਮਾਮਲਿਆਂ ਨੂੰ ਫੜਿਆ ਗਿਆ ਹੈ ਅਤੇ ਸਖਤੀ ਕੀਤੀ ਗਈ ਹੈ, ਜਿਸ ਕਾਰਨ ਸਰਕਾਰ ਨੂੰ ਟੈਕਸ ਕੁਲੈਕਸ਼ਨ ’ਚ ਵੀ ਵਾਧਾ ਹੋ ਰਿਹਾ ਹੈ।
ਇਕ ਰਿਪੋਰਟ ਮੁਤਾਬਕ ਦੇਸ਼ ਵਿਚ ਚੱਲ ਰਹੀਆਂ ਈ-ਕਾਮਰਸ ਕੰਪਨੀਆਂ ਦੇ ਨਾਲ-ਨਾਲ ਆਈ. ਟੀ. ਡਿਪਾਰਟਮੈਂਟ ਸੋਸ਼ਲ ਮੀਡੀਆ ’ਤੇ ਸਾਮਾਨ ਵੇਚਣ ਵਾਲਿਆਂ ’ਤੇ ਵੀ ਤਿੱਖੀ ਨਜ਼ਰ ਰੱਖ ਰਿਹਾ ਹੈ। ਡਿਪਾਰਟਮੈਂਟ ਵਲੋਂ ਕਰੀਬ 10,000 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਭਾਂਡਾ ਭੰਨਿਆ ਗਿਆ ਹੈ। ਇਹ ਟੈਕਸਚੋਰੀ ਕਰੀਬ 3 ਸਾਲਾਂ ਤੋਂ ਕੀਤੀ ਜਾ ਰਹੀ ਸੀ। ਇਨ੍ਹਾਂ ਨੋਟਿਸ ਨੂੰ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ 15 ਨਵੰਬਰ ਦਰਮਿਆਨ ਭੇਜਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਹਾਲੇ ਸ਼ੁਰੂਆਤ ਹੈ। ਕਈ ਲੋਕਾਂ ਨੂੰ ਨੋਟਿਸ ਭੇਜੇ ਜਾਣੇ ਬਾਕੀ ਹਨ।
ਸੋਸ਼ਲ ਮੀਡੀਆ ’ਤੇ ਵੇਚਿਆ ਜਾ ਰਿਹਾ ਸੀ ਇਹ ਸਾਮਾਨ
ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਜਾਂ ਫਿਰ ਭੇਜੇ ਜਾਣੇ ਹਨ। ਉਨ੍ਹਾਂ ’ਚੋਂ ਕੋਈ ਵੱਡੀ ਈ-ਕਾਮਰਸ ਕੰਪਨੀ ਨਹੀਂ ਹੈ। ਡਿਪਾਰਟਮੈਂਟ ਨੇ 45 ਨੋਟਿਸ ਭੇਜੇ ਹਨ, ਜਿਨ੍ਹਾਂ ’ਚੋਂ 17 ਨੋਟਿਸ ਉਨ੍ਹਾਂ ਨੂੰ ਭੇਜੇ ਹਨ, ਜੋ ਕੱਪੜੇ ਵੇਚਦੇ ਹਨ। 11 ਨੋਟਿਸ ਜਵੈਲਰੀ ਵੇਚਣ ਵਾਲਿਆਂ ਨੂੰ ਭੇਜੇ ਗਏ ਹਨ। 6 ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ, ਜੋ ਜੁੱਤੀਆਂ ਅਤੇ ਬੈਗ ਵੇਚਦੇ ਹਨ। 5 ਲੋਕਲ ਫੈਸ਼ਨ ਪ੍ਰੋਡਕਟ ਵੇਚਣ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। 4 ਨੋਟਿਸ ਹੋਮ ਡੈਕੋਰ ਅਤੇ ਫਰਨੀਸ਼ਿੰਗ ਵਾਲਿਆਂ ਨੂੰ ਭੇਜੇ ਗਏ ਹਨ। ਬਾਕੀ ਨੋਟਿਸ ਉਨ੍ਹਾਂ ਈ-ਟੇਲਰਸ ਨੂੰ ਜਾਰੀ ਕੀਤੇ ਹਨ, ਜੋ ਗਿਫਟ ਆਈਟਮ ਵੇਚਦੇ ਹਨ। ਆਈ. ਟੀ. ਡਿਪਾਰਟਮੈਂਟ ਮੁਤਾਬਕ ਇਸ ਲਿਸਟ ’ਚ ਕੁੱਝ ਅਜਿਹੇ ਰਿਟੇਲ ਸੇਲਰਸ ਦੇ ਵੀ ਨਾਂ ਸ਼ਾਮਲ ਹਨ, ਜੋ ਗਾਹਕ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ। ਡਿਪਾਰਟਮੈਂਟ ਮੁਤਾਬਕ ਕਈ ਸੇਲਰਸ ਅਜਿਹੇ ਵੀ ਹਨ, ਜੋ ਆਪਣੇ ਪ੍ਰੋਡਕਟਸ ਨੂੰ ਬਾਹਰਲੇ ਦੇਸ਼ਾਂ ’ਚ ਵੀ ਭੇਜ ਰਹੇ ਹਨ।
ਮਹਾਮਾਰੀ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਮਾਨ ਵੇਚਣ ਦੀ ਰਵਾਇਤ ਵਧੀ
ਦੇਸ਼ ਵਿਚ ਇਕ ਵੱਡੀ ਆਬਾਦੀ ਹੈ। ਉਸੇ ਦੇ ਮੁਤਾਬਕ ਦੇਸ਼ ਵਿਚ ਸੋਸ਼ਲ ਮੀਡਆ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਜੇ ਗੱਲ ਇੰਸਟਾਗ੍ਰਾਮ ਦੀ ਕਰੀਏ ਤਾਂ ਦੇਸ਼ ਵਿਚ ਇਸ ਦੇ ਕਰੀਬ 23 ਕਰੋੜ ਯੂਜ਼ਰਸ ਹਨ ਜੋ ਦੁਨਆ ’ਚ ਸਭ ਤੋਂ ਵੱਧ ਹਨ ਜਦ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ 31.40 ਕਰੋੜ ਤੋਂ ਵੱਧ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਮਾਨ ਵੇਚਣ ਦੀ ਰਵਾਇਤ ਕਾਫੀ ਵਧੀ। ਆਪਣੇ ਕਾਰੋਬਾਰ ’ਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ 45 ਕੰਪਨੀਆਂ ਦਾ ਟਰਨਓਵਰ ਕਾਫ਼ੀ ਬਿਹਤਰ ਦੱਸਿਆ ਜਾ ਰਿਹਾ ਹੈ।
2 ਫ਼ੀਸਦੀ ਵੀ ਨਹੀਂ ਦਿਖਾਈ ਕਮਾਈ
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਈ ਦੁਕਾਨਦਾਰਾਂ ਨੇ ਆਈ. ਟੀ. ਡਿਪਾਰਟਮੈਂਟ ਵਿਚ ਆਪਣੀ ਕਮਾਈ 2 ਫ਼ੀਸਦੀ ਵੀ ਨਹੀਂ ਦਿਖਾਈ ਹੈ। ਇਸ ਗੱਲ ਦੀ ਜਾਣਕਾਰੀ ਉਦੋਂ ਹੋਈ ਜਦੋਂ ਮੁੰਬਈ ਆਧਾਰਿਤ ਈ-ਟੇਲਰ ਨੇ ਇਕ ਫੈਸ਼ਨ ਸ਼ੋਅ ਨੂੰ ਸਪੌਂਸਰ ਕੀਤਾ। ਆਈ. ਟੀ. ਡਿਪਾਰਟਮੈਂਟ ਮੁਤਾਬਕ ਉਨ੍ਹਾਂ ਕੋਲ ਇਕ ਛੋਟੀ ਦੁਕਾਨ ਅਤੇ ਗੋਦਾਮ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਮਾਧਿਅਮ ਰਾਹੀਂ ਸਾਮਾਨ ਵੇਚ ਰਹੇ ਸਨ। 110 ਕਰੋੜ ਰੁਪਏ ਦਾ ਸਾਲਾਨਾ ਟਰਨਓਵਰ ਸੀ। ਰਿਟਰਨ ਭਰਦੇ ਸਮੇਂ ਈ-ਟੇਲਰ ਨੇ ਆਪਣੀ ਕਮਾਈ ਸਿਰਫ਼ 2 ਕਰੋੜ ਦੱਸੀ।