ਕਿਸਾਨਾਂ ਨੇ ਮੁੜ ਮੁਕੇਰੀਆਂ ਖੰਡ ਮਿੱਲ ਮੂਹਰੇ ਜਲੰਧਰ-ਜੰਮੂ ਕੌਮੀ ਮਾਰਗ ਜਾਮ ਕੀਤਾ
ਮੁਕੇਰੀਆਂ : ਖੰਡ ਮਿੱਲਾਂ ਚਲਾਉਣ ਅਤੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਲੈਣ ਦੀ ਮੰਗ ਲਈ ਪਹਿਲਾਂ ਦੇ ਐਲਾਨ ਮੁਤਾਬਕ ਅੱਜ ਗੰਨਾ ਕਾਸ਼ਤਕਾਰਾਂ ਨੇ ਜਲੰਧਰ-ਜੰਮੂ ਕੌਮੀ ਮਾਰਗ ਉੱਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਕਰੀਬ ਬਾਅਦ ਦੁਪਹਿਰ 1 ਵਜੇ ਤੋਂ ਸੜਕੀ ਆਵਜਾਈ ਠੱਪ ਕਰ ਦਿੱਤੀ ਹੈ। ਧਰਨਕਾਰੀਆਂ ਨੇ ਗੰਨੇ ਦੀਆਂ ਟਰਾਲੀਆਂ ਲਿਆ ਕੇ ਸੜਕ ਦੇ ਦੋਵੇਂ ਪਾਸੇ ਲਗਾ ਕੇ ਸੜਕ ਦੇ ਦੋਵੇਂ ਲਾਂਘੇ ਬੰਦ ਕਰ ਦਿੱਤੇ ਹਨ। ਗੰਨਾ ਕਾਸ਼ਤਕਾਰਾਂ ਦੇ ਆਗੂਆਂ ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ ਅਤੇ ਗੁਰਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਐਲਾਨੇ 11 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕੋਝਾਂ ਮਜਾਕ ਕਰਾਰ ਦਿੰਦਿਆਂ ਇਸ ਨੂੰ ਮੁੱਢੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਹਿਲਾ ਸਮਾਂ ਹੈ, ਜਦੋਂ ਖੰਡ ਮਿੱਲਾਂ ’ਤੇ ਸਰਕਾਰ ਦਾ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ ਅਤੇ ਖੰਡ ਮਿੱਲਾਂ ਸਮੇਂ ਸਿਰ ਚਲਾਉਣ ਦੀ ਥਾਂ ਖੰਡ ਮਿੱਲ ਮਾਲਕਾਂ ਦੀ ਮਰਜ਼ੀ ਨਾਲ ਚਲਾਉਣ ਦੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਮੁੱਖ ਮੰਤਰੀ ਦੀ ਗੁਰਦਾਸਪੁਰ ਰੈਲੀ ਬਾਰੇ ਵੀ ਵਿਉਂਤਬੰਦੀ ਕਰ ਰਹੇ ਹਨ, ਜਿਸ ਬਾਰੇ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਜਾਵੇਗਾ। ਇਸ ਮੌਕੇ ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਖੰਡ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਸੜਕ ਕਿਨਾਰੇ ਖੜ੍ਹੀਆਂ ਟਰਾਲੀਆਂ ਅੰਦਰ ਲੈ ਜਾਣ ਅਤੇ ਸੜਕ ਖਾਲੀ ਦੇਣ ਲਈ ਮਨਾਇਆ, ਜਿਸ ’ਤੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਲਿਆਂਦੀਆਂ ਟਰਾਲੀਆਂ ਖੰਡ ਮਿੱਲ ਕੰਪਲੈਕਸ ਵਿੱਚ ਲੈ ਜਾਣਗੇ ਪਰ ਕਿਸਾਨ ਹੋਰ ਗੰਨੇ ਦੀ ਛਿਲਾਈ ਮਿੱਲ ਸ਼ੁਰੂ ਹੋਣ ਤੋਂ ਬਾਅਦ ਹੀ ਲਿਆਉਣ ਪਰ ਕਿਸਾਨ ਤੁਰੰਤ ਖੰਡ ਮਿੱਲ ਚਲਾਉਣ ਦੀ ਮੰਗ ’ਤੇ ਅੜੇ ਰਹੇ, ਜਿਸ ਕਾਰਨ ਲਗਾਤਾਰ ਧਰਨਾ ਜਾਰੀ ਹੈ।