ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਨੇ ਸੂਬੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਖੇਡ ਵਿਭਾਗ ਨੇ ਵੱਡੇ ਖੇਡ ਇਲਾਕਿਆਂ ‘ਚ ਆਪਣੀ ਤਾਕਤ ਦਿਖਾਉਣ ਲਈ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ‘ਚ ਇਕ ਹਜ਼ਾਰ ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ। ਪਹਿਲੇ ਪੜਾਅ ‘ਚ ਪੰਜਾਬ ‘ਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 205 ਨਰਸਰੀਆਂ ਪੇਂਡੂ ਪੱਧਰ ’ਤੇ ਬਣਾਈਆਂ ਜਾਣਗੀਆਂ, ਜਦਕਿ 45 ਸ਼ਹਿਰੀ ਇਲਾਕਿਆਂ ‘ਚ ਹੋਣਗੀਆਂ। ਨਰਸਰੀਆਂ ਦਾ ਪਹਿਲਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਨੇ ਪਾਇਲਟ ਫੇਜ਼ ‘ਚ 12 ਖੇਡ ਨਰਸਰੀਆਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਖੇਡ ਵਿਭਾਗ ਦੇ ਅਧਿਕਾਰੀ ਅਨੁਸਾਰ ਪਾਇਲਟ ਫੇਜ਼ ‘ਚ ਇਨ੍ਹਾਂ ਦੀ ਸ਼ੁਰੂਆਤ ਮੋਹਾਲੀ, ਸੰਗਰੂਰ, ਬਠਿੰਡਾ, ਬਰਨਾਲਾ, ਮੁਕਤਸਰ, ਫਰੀਦਕੋਟ, ਤਰਨਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਲੰਧਰ ‘ਚ ਕੀਤੀ ਜਾਵੇਗੀ। ਖੇਡ ਨਰਸਰੀ ਕਿਹੜੀ ਖੇਡ ਦੀ ਹੋਵੇਗੀ, ਇਹ ਸਬੰਧਿਤ ਜ਼ਿਲ੍ਹੇ ‘ਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਤੇ ਲੋਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦਿਆਂ ਤੈਅ ਕੀਤਾ ਜਾਵੇਗਾ। ਖੇਡ ਦੇ ਮੈਦਾਨ, ਟਰੈਕ, ਖੇਡ ਸਾਜ਼ੋ-ਸਾਮਾਨ, ਖ਼ੁਰਾਕ, ਸਿਖਲਾਈ, ਕੋਚ ਅਤੇ ਨਰਸਰੀ ਸੁਪਰੀਡੈਂਟ ਦੀ ਨਿਯੁਕਤੀ ਦਾ ਖ਼ਰਚਾ 60 ਲੱਖ ਤੋਂ 80 ਲੱਖ ਰੁਪਏ ਤੱਕ ਹੋਵੇਗਾ। ਇਕ ਹਜ਼ਾਰ ਸਪੋਰਟਸ ਨਰਸਰੀਆਂ ’ਤੇ 52 ਕਰੋੜ ਰੁਪਏ ਦਾ ਬਜਟ ਖ਼ਰਚ ਹੋਣ ਦੀ ਉਮੀਦ ਹੈ।
ਬੱਚਿਆਂ ਨੂੰ ਫਿਟ ਰੱਖਣਾ ਸਰਕਾਰ ਦਾ ਮਕਸਦ
ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਦੇ ਬੱਚੇ ਫਿੱਟ ਰਹਿਣ। ਖੇਡਾਂ ਰਾਹੀਂ ਹੀ ਬੱਚਿਆਂ ਦੀ ਫਿਟਨੈੱਸ ਬਰਕਰਾਰ ਰੱਖੀ ਜਾ ਸਕਦੀ ਹੈ।
ਚਾਰ ਏਕੜ ਤੋਂ ਵੱਡੀ ਜ਼ਮੀਨ ’ਤੇ ਖੁੱਲ੍ਹੇਗੀ ਨਰਸਰੀ
ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸੇ ਥਾਂ ’ਤੇ ਸਪੋਰਟਸ ਨਰਸਰੀ ਖੋਲ੍ਹੀ ਜਾਵੇਗੀ, ਜਿੱਥੇ ਸਰਕਾਰ ਨੂੰ ਨਰਸਰੀ ਸ਼ੁਰੂ ਕਰਨ ਲਈ 4 ਏਕੜ ਤੋਂ ਵੱਧ ਜ਼ਮੀਨ ਮਿਲੇਗੀ। ਉਸ ਪਿੰਡ ਜਾਂ ਇਲਾਕੇ ਨਾਲ ਸਬੰਧਿਤ ਖੇਡਾਂ ਨੂੰ ਧਿਆਨ ‘ਚ ਰੱਖਦਿਆਂ ਸਬੰਧਤ ਜ਼ਿਲ੍ਹੇ ਦੀ ਪੰਚਾਇਤ ਤੋਂ ਜ਼ਮੀਨ ਲੈ ਕੇ ਖੇਡ ਨਰਸਰੀ ਖੋਲ੍ਹੀ ਜਾਵੇਗੀ।