ਸਿੱਧੂ ਦਾ ਭਗਵੰਤ ਮਾਨ – ਕੇਜਰੀਵਾਲ ‘ਤੇ ਵੱਡਾ ਹਮਲਾ

0
132

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ। ਹੁਣ ਸਰਕਾਰ ‘ਤੇ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਲ ਲਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਵੈਂਟ ਮੈਨਜਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਾਫੀਆ ਮੈਨਜਰ ਕਰਾਰ ਦਿੱਤਾ ਹੈ।

ਦਰਅਸਲ ਨਵਜੋਤ ਸਿੰਘ ਸਿੱਧੂ ਜ਼ੀਰਾ ਹਲਕੇ ਵਿੱਚ ਪਹੁੰਚੇ ਹੋਏ ਸਨ। ਜਿਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਲੁੱਟਿਆ ਜਾ ਰਿਹਾ ਹੈ। 100 ਬੰਦੇ ਮਿਲ ਕੇ ਪੰਜਾਬ ਨੂੰ ਖਾ ਰਹੇ ਹਨ। ਹੱਲ ਕੋਈ ਨਹੀਂ ਕੱਢ ਰਿਹਾ ਸਿਰਫ਼ ਆਪਣੇ ਖ਼ਜ਼ਾਨੇ ਭਰਨ ‘ਚ ਲੱਗੇ ਹੋਏ ਹਨ।

ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ। ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ। ਮਾਈਨਿੰਗ ਮਾਫ਼ੀਆ ਨੂੰ ਖ਼ਤਮ ਕਰਕੇ ਰੇਤਾ ‘ਚੋਂ ਸਲਾਨਾ 20 ਹਜ਼ਾਰ ਕਰੋੜ ਰੁਪਏ ਕਮਾਉਣ ਦੀ ਗੱਲ ਕੇਜਰੀਵਾਲ ਨੇ ਕਹੀ ਸੀ। ਹੁਣ ਕਿੱਥੇ ਹੈ 20 ਹਜ਼ਾਰ ਕਰੋੜ ਅਤੇ ਕਿੱਥੇ ਹੈ ਉਹ ਵਾਅਦਾ ਜੋ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਗਿਆ ਸੀ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ।

ਨਵਜੋਤ ਸਿੱਧੂ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਦਿਖਾਵੇ ਵਾਲੀ ਹੀ ਰਹਿ ਗਈ ਹੈ। ਇੱਕ ਇਵੈਂਟ ਮੈਨਜਰ ਬਣ ਗਿਆ ਤੇ ਦੂਜਾ ਮਾਫੀਆ ਮੈਨਜਰ ਬਣ ਗਿਆ ਹੈ। ਨਵਜੋਤ ਸਿੱਧੂ ਅਕਸਰ ਦਾਅਵਾ ਕਰਦੇ ਹਨ ਕਿ ਪੰਜਾਬ ਦੇ ਰੇਤਾ ਚੋਂ ਕਮਾਇਆ ਪੈਸਾ ਦਿੱਲੀ ਭੇਜਿਆ ਜਾ ਰਿਹਾ ਹੈ ਅਤੇ ਦਿੱਲੀ ‘ਚ ਆਪ ਦੀ ਹਾਈਕਮਾਨ ਪੰਜਾਬ ਦੇ ਇਸ ਪੈਸੇ ਨੂੰ ਚੋਣ ਪ੍ਰਚਾਰ ‘ਤੇ ਵਰਤ ਰਹੀ ਹੈ।

ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਕਾਟੋ ਕਲੇਸ਼ ‘ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਵਰਕਰ ਨੂੰ ਮਾੜਾ ਨਹੀਂ ਬੋਲਿਆ ਹੈ। ਇਹ ਵਿਚਾਰਾਂ ਦੀ ਲੜਾਈ ਹੈ। ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ। ਜਿਸ ਦੇ ਵਿਚਾਰ ਪੰਜਾਬ ਨੂੰ ਬਚਾਉਣ ਵੱਲ ਹਨ ਉਹ ਸਾਡੇ ਨਾਲ ਹੈ। ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਗਠਜੋੜ ਹੋਣਾ ਚਾਹੀਦਾ ਹੈ ਨਹੀਂ ਤਾਂ ਕੇਂਦਰ ਸਰਕਾਰ ਸਾਰੀਆਂ ਪਾਰਟੀਆਂ ਨੂੰ ਹੀ ਖ਼ਤਮ ਕਰ ਦੇਵੇਗੀ। ਸਰਕਾਰੀ ਤੰਤਰ ਉਹਨਾਂ ਦੇ ਕੋਲ ਹੈ।

LEAVE A REPLY

Please enter your comment!
Please enter your name here