ਤਿੰਨ ਹਜਾਰ ਕਰੋੜ ਦਾ ਕਰਜ਼ੇ ਹੇਠਾਂ ਹਨ ਸਟੱਡੀ ਵੀਜ਼ਿਆਂ ਵਾਲੇ

ਤਿੰਨ ਹਜਾਰ ਕਰੋੜ ਦਾ ਕਰਜ਼ੇ ਹੇਠਾਂ ਹਨ ਸਟੱਡੀ ਵੀਜ਼ਿਆਂ ਵਾਲੇ

0
148

ਤਿੰਨ ਹਜਾਰ ਕਰੋੜ ਦਾ ਕਰਜ਼ੇ ਹੇਠਾਂ ਹਨ ਸਟੱਡੀ ਵੀਜ਼ਿਆਂ ਵਾਲੇ

ਰੋਜਾਨਾ 250 ਵਿਦਿਆਰਥੀ ਜਾ ਰਹੇ ਨੇ ਵਿਦੇਸ਼

ਚੰਡੀਗੜ੍ਹ : ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਵਿੱਦਿਅਕ ਲੋਨ ਚੁੱਕਣ ਵਾਲੇ ਵਿਦਿਆਰਥੀਆਂ ਦਾ ਅੰਕੜਾ ਵਧਿਆ ਹੈ। ਸਟੱਡੀ ਵੀਜ਼ੇ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਪੰਜਾਬ ਵਿਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਲੰਬੀਆਂ ਕਤਾਰਾਂ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਵਿਦੇਸ਼ ਪੜ੍ਹਨ ਖ਼ਾਤਰ ਬੈਂਕਾਂ ਤੋਂ ‘ਵਿੱਦਿਅਕ ਲੋਨ’ ਲਿਆ ਹੋਇਆ ਹੈ। ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਇਸ ਵੇਲੇ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜ਼ਾਈ ਹਨ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ, ਉਸ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਵੱਲ 2891.59 ਕਰੋੜ ਦਾ ਕਰਜ਼ਾ ਖੜ੍ਹਾ ਹੈ। ‘ਵਿੱਦਿਅਕ ਲੋਨ’ ਲੈਣ ਵਾਲੇ ਬਹੁਗਿਣਤੀ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਹਨ। ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹ ਤਾਜ਼ਾ ਵੇਰਵੇ ਹਨ ਕਿ ‘ਵਿੱਦਿਅਕ ਲੋਨ’ ਲੈਣ ਵਾਲਿਆਂ ’ਚੋਂ 13,747 ਲੜਕੀਆਂ ਹਨ ਜਿਨ੍ਹਾਂ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐੱਸਸੀ ਵਰਗ ਦੇ ਵਿਦਿਆਰਥੀ ਹਨ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਹਨ। ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ ਵਿਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜ ਰਹੇ ਹਨ। ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਮਾਲਵਾ ਖ਼ਿੱਤੇ ਦੇ ਪਿੰਡਾਂ ’ਚੋਂ ਕਿਸਾਨ ਪਰਿਵਾਰ ਆਪਣੀਆਂ ਜ਼ਮੀਨਾਂ ਕੇ ਜਾਂ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ’ਤੇ ਲੱਗੀਆਂ ਹੋਈਆਂ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23,554 ਵਿਦਿਆਰਥੀਆਂ ਨੂੰ ‘ਵਿੱਦਿਅਕ ਲੋਨ’ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ ਲੰਘੇ ਢਾਈ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ‘ਵਿੱਦਿਅਕ ਲੋਨ’ ਜਾਰੀ ਕੀਤਾ ਹੈ। ਚਾਲੂ ਵਿੱਤੀ ਵਰ੍ਹੇ ਦੇ ਛੇ ਮਹੀਨਿਆਂ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ‘ਵਿੱਦਿਅਕ ਲੋਨ’ ਦਿੱਤਾ ਹੈ ਜਦਕਿ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.04 ਕਰੋੜ ਦਾ ਵਿੱਦਿਅਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਵਿਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਸੀ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਤੋਂ ਜੋ ਕਰਜ਼ਾ ਚੁੱਕਦੇ ਹਨ, ਉਹ ਵੱਖਰਾ ਹੈ। ਬੈਂਕ ਅਧਿਕਾਰੀ ਦੱਸਦੇ ਹਨ ਕਿ ਵਿੱਦਿਅਕ ਲੋਨ ਲੈਣ ਵਾਲੇ ਕਈ ਦਫ਼ਾ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ’ਤੇ ਵੀ ਤਲਵਾਰ ਲਟਕਦੀ ਰਹਿੰਦੀ ਹੈ।

ਰਿਪੋਰਟ

LEAVE A REPLY

Please enter your comment!
Please enter your name here