ਨਿਊਯਾਰਕ ’ਚ ਭਾਰਤੀ ਕੌਂਸਲਖਾਨੇ ਵੱਲੋਂ ਸਾਹਿਬਜਾਦਿਆਂ ਦੇ ਸਨਮਾਨ ’ਚ ਪ੍ਰਦਰਸ਼ਨੀ
ਨਿਊਯਾਰਕ : ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰ ਬਾਲ ਦਿਵਸ ਦੇ ਮੌਕੇ ‘ਤੇ ਦਸਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੀ ਯਾਦ ਵਿੱਚ ਪ੍ਰਦਰਸਨੀ ਲਗਾਈ ਗਈ। ਕੌਂਸਲੇਟ ਨੇ ਇਸ ਬਾਰੇ ਪੋਸਟ ਵਿੱਚ ਕਿਹਾ, ‘ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੂੰ ਨਮਨ।’ ਸਾਹਿਬਜਾਦਿਆਂ ਨੂੰ ਸਰਧਾਂਜਲੀ ਭੇਟ ਕਰਨ ਲਈ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਸਰਿਕਤ ਕੀਤੀ। ਕੌਂਸਲੇਟ ਨੇ ਦੱਸਿਆ ਕਿ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਦੀ ਬੇਨਤੀ ’ਤੇ 28 ਦਸੰਬਰ ਤੱਕ ਕੌਂਸਲੇਟ ਕੰਪਲੈਕਸ ਵਿੱਚ ਪ੍ਰਦਰਸਨੀ ਲਗਾਈ ਜਾਵੇਗੀ।
ਇਹ ਪ੍ਰਦਰਸਨੀ ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ ਦੇ ਗੁਰਦੁਆਰਿਆਂ ਵਿੱਚ ਵੀ ਲੱਗੇਗੀ। ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਡਾ. ਵਰੁਣ ਜੇਫ ਨੇ ਕਵੀਂਸ ਦੇ ਗੁਰਦੁਆਰਾ ਬਾਬਾ ਮੱਖਣ ਸਾਹ ਲੁਬਾਣਾ ਵਿਖੇ ਨਤਮਸਤਕ ਹੋ ਕੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸੰਗਤਾਂ ਨਾਲ ਕੀਰਤਨ ਸਰਵਣ ਕੀਤਾ। ਉਨ੍ਹਾਂ ਲੰਗਰ ਵੀ ਛਕਿਆ।