ਭਾਰਤ ਅਤੇ ਰੂਸ ਵਿਚਾਲੇ ਪਰਮਾਣੂ ਊਰਜਾ ਪਲਾਂਟ ਬਾਰੇ ਅਹਿਮ ਸਮਝੌਤਾ
ਮਾਸਕੋ: ਭਾਰਤ ਤੇ ਰੂਸ ਨੇ ਅੱਜ ‘ਕੁਝ ਬੇਹੱਦ ਮਹੱਤਵਪੂਰਨ’ ਸਮਝੌਤਿਆਂ ਉਤੇ ਸਹੀ ਪਾਈ ਜੋ ਕਿ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦੇ ਭਵਿੱਖ ਵਿਚ ਲੱਗਣ ਵਾਲੇ ਊਰਜਾ ਉਤਪਾਦਨ ਯੂਨਿਟਾਂ ਦੀ ਉਸਾਰੀ ਨਾਲ ਸਬੰਧਤ ਹਨ। ਰੂਸ ਦੇ ਪੰਜ ਦਿਨਾਂ ਦੇ ਦੌਰੇ ਉਤੇ ਆਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਜੈਸ਼ੰਕਰ ਇੱਥੇ ਰੂਸ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਆਏ ਹਨ। ਜਕਿਰਯੋਗ ਹੈ ਕਿ ਇਹ ਪਾਵਰ ਪਲਾਂਟ ਰੂਸ ਦੀ ਮਦਦ ਨਾਲ ਲਾਇਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਰੱਖਿਆ, ਪਰਮਾਣੂ ਊਰਜਾ ਤੇ ਪੁਲਾੜ ਦੇ ਖੇਤਰ ਵਿਚ ‘ਵਿਸ਼ੇਸ਼ ਭਾਈਵਾਲ’ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਵਿਚ ਭਾਈਵਾਲੀ ਉਦੋਂ ਹੀ ਕੀਤੀ ਜਾਂਦੀ ਹੈ, ਜਦ ਭਰੋਸਾ ਬਹੁਤ ਪੱਕਾ ਹੁੰਦਾ ਹੈ। ਵਿਦੇਸ਼ ਮੰਤਰੀ ਨੇ ਨਾਲ ਹੀ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਵੀ ਜਨਵਰੀ ਦੇ ਅਖੀਰ ਤੋਂ ਸ਼ੁਰੂ ਹੋ ਜਾਵੇਗੀ। ਇਹ ਸਮਝੌਤਾ ਭਾਰਤ ਤੇ ਯੂਰੇਸ਼ੀਅਨ ਆਰਥਿਕ ਜੋਨ ਵਿਚਾਲੇ ਹੋਵੇਗਾ।