ਫ਼ਿਲਮ ‘ਮਦਰ ਇੰਡੀਆ’ ‘ਚ ਸੁਨੀਲ ਦੱਤ ਦੇ ਕਿਰਦਾਰ ਬਿਰਜੂ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸਾਜਿਦ ਖ਼ਾਨ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਖ਼ਾਨ ਨੇ “ਮਾਇਆ” ਅਤੇ “ਦ ਸਿੰਗਿੰਗ ਫਿਲੀਪੀਨਾ” ਵਰਗੀਆਂ ਅੰਤਰਰਾਸ਼ਟਰੀ ਫਿਲਮਾਂ ਵਿਚ ਵੀ ਕੰਮ ਕੀਤਾ। ਅਦਾਕਾਰ ਦੇ ਪੁੱਤਰ ਸਮੀਰ ਨੇ ਪੀ.ਟੀ.ਆਈ. ਨੂੰ ਦੱਸਿਆ, “ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਸ਼ੁੱਕਰਵਾਰ (22 ਦਸੰਬਰ) ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।”
ਸਮੀਰ ਮੁਤਾਬਕ, ਉਸ ਦੇ ਪਿਤਾ ਆਪਣੀ ਦੂਜੀ ਪਤਨੀ ਨਾਲ ਕੇਰਲ ਰਹਿੰਦੇ ਸੀ। ਸਮੀਰ ਨੇ ਕਿਹਾ, “ਮੇਰੇ ਪਿਤਾ ਨੂੰ ਪ੍ਰਿੰਸ ਪੀਤਾਂਬਰ ਰਾਣਾ ਅਤੇ ਸੁਨੀਤਾ ਪੀਤਾਂਬਰ ਨੇ ਗੋਦ ਲਿਆ ਸੀ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਫਿਲਮ ਨਿਰਮਾਤਾ ਮਹਿਬੂਬ ਖ਼ਾਨ ਨੇ ਕੀਤਾ ਸੀ। ਉਹ ਕੁਝ ਸਮੇਂ ਤੋਂ ਫਿਲਮਾਂ ਵਿਚ ਸਰਗਰਮ ਨਹੀਂ ਸੀ ਅਤੇ ਜ਼ਿਆਦਾਤਰ ਪਰਉਪਕਾਰ ਵਿਚ ਰੁੱਝੇ ਹੋਏ ਸੀ। ਉਹ ਅਕਸਰ ਕੇਰਲ ਆਉਂਦੇ ਸੀ ਅਤੇ ਇੱਥੇ ਉਸ ਨੂੰ ਚੰਗਾ ਲਗਦਾ ਸੀ। ਉਨ੍ਹਾਂ ਨੇ ਦੁਬਾਰਾ ਵਿਆਹ ਕੀਤਾ ਅਤੇ ਇੱਥੇ ਸੈਟਲ ਹੋ ਗਏ।” ਅਦਾਕਾਰ ਨੂੰ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੇ ਕਯਾਮਕੁਲਮ ਟਾਊਨ ਜੁਮਾ ਮਸਜਿਦ ਵਿਚ ਦਫਨਾਇਆ ਗਿਆ।