67 ਲੱਖ ਰੁਪਏ ਤੋਂ ਵੱਧ ਦਾ ਸੋਨਾ ਜਬਤ
ਅੰਮਿ੍ਰਤਸਰ : ਸਥਾਨ ਹਵਾਈ ਅੱਡੇ ਵਿਖੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਹਵਾਈ ਉਡਾਣ ਰਾਹੀਂ ਪੁੱਜੇ ਯਾਤਰੀ ਕੋਲੋਂ 67 ਲੱਖ ਰੁਪਏ ਦਾ ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ। ਕਸਟਮ ਵਿਭਾਗ ਵੱਲੋਂ ਇਸ ਸਬੰਧ ਵਿੱਚ ਮੁਲਜਮ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਇਹ ਕਾਰਵਾਈ ਕਸਟਮ ਵਿਭਾਗ ਤੇ ਐਂਟੀ ਸਮਗਲਿੰਗ ਯੂਨਿਟ ਵੱਲੋਂ ਕੀਤੀ ਗਈ। ਇਹ ਯਾਤਰੀ ਦੁਬਈ ਤੋਂ ਉਡਾਣ ਰਾਹੀਂ ਇੱਥੇ ਪੁੱਜਾ ਸੀ, ਜਦੋਂ ਇਸ ਦੀ ਨਿੱਜੀ ਤੌਰ ’ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ਕੋਲੋਂ ਪੇਸਟ ਦੇ ਰੂਪ ਵਿੱਚ 1698.2 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਨੂੰ ਉਸ ਨੇ ਪੀਲੇ ਰੰਗ ਦੇ ਪੈਕਟ ਵਿੱਚ ਛੁਪਾਇਆ ਹੋਇਆ ਸੀ ਅਤੇ ਇਸ ਨੂੰ ਆਪਣੀ ਪੈਂਟ ਦੀ ਬੈਲਟ ਵਿੱਚ ਲੁਕਾਇਆ ਹੋਇਆ ਸੀ। ਜਦੋਂ ਇਸ ਸੋਨੇ ਦੀ ਪੇਸਟ ਨੂੰ ਸੁੱਧ ਸੋਨੇ 24 ਕੈਰਟ ਦੇ ਰੂਪ ਵਿੱਚ ਤਬਦੀਲ ਕੀਤਾ ਗਿਆ ਤਾਂ ਇਹ 1068 ਗ੍ਰਾਮ ਸੀ। ਜਿਸ ਦਾ ਬਾਜਾਰ ਵਿੱਚ ਮੁੱਲ 67 ਲੱਖ60,440 ਰੁਪਏ ਬਣਦਾ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਦੀ ਧਾਰਾ ਹੇਠ ਇਸ ਸੋਨੇ ਨੂੰ ਜਬਤ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਹ ਸੋਨਾ ਭਾਰਤ ਲਿਜਾਣ ਵਾਸਤੇ 10 ਹਜਾਰ ਰੁਪਏ ਦਿੱਤੇ ਗਏ ਸਨ।