ਪੰਜਾਬ ਦੇ ਹਰ ਗਲੀ-ਮੁਹੱਲੇ ’ਚ ਜਾਵੇਗੀ ਗਣਤੰਤਰ ਦਿਵਸ ਪਰੇਡ ’ਚੋਂ ਕੱਢੀ ਝਾਕੀ

ਪੰਜਾਬ ਦੇ ਹਰ ਗਲੀ-ਮੁਹੱਲੇ ’ਚ ਜਾਵੇਗੀ ਗਣਤੰਤਰ ਦਿਵਸ ਪਰੇਡ ’ਚੋਂ ਕੱਢੀ ਝਾਕੀ

0
167

ਪੰਜਾਬ ਦੇ ਹਰ ਗਲੀ-ਮੁਹੱਲੇ ’ਚ ਜਾਵੇਗੀ ਗਣਤੰਤਰ ਦਿਵਸ ਪਰੇਡ ’ਚੋਂ ਕੱਢੀ ਝਾਕੀ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ’ਚੋਂ ਆਊਟ ਕੀਤੀ ਪੰਜਾਬ ਦੀ ਝਾਕੀ ਆਗਾਮੀ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਗਲੀ-ਮੁਹੱਲੇ ਵਿੱਚ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਨਮੁੱਖ ਰੱਖੀ ਜਾਵੇਗੀ। ਮੁੱਢਲੇ ਪੜਾਅ ’ਤੇ 9 ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 26 ਜਨਵਰੀ ਤੋਂ ਮਗਰੋਂ ਇਨ੍ਹਾਂ ਦੀ ਗਿਣਤੀ ’ਚ ਲਗਾਤਾਰ ਇਜਾਫਾ ਹੋਵੇਗਾ।

ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਹਨ ਜਿਨ੍ਹਾਂ ’ਤੇ ਝਾਕੀ ਸਜਾਈ ਜਾਵੇਗੀ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਇਹ ਝਾਕੀ ਲਿਜਾਈ ਜਾਣੀ ਹੈ। ਇੱਕ ਅਹਿਮ ਅਧਿਕਾਰੀ ਨੇ ਦੱਸਿਆ ਕਿ ਝਾਕੀ ਪਿੰਡਾਂ ਵਿਚ ਲਿਜਾਣ ਦਾ ਇੱਕੋ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨਾਲੋਂ ਨਾਲ ਆਡੀਓ ਵੀ ਤਿਆਰ ਕਰ ਰਹੀ ਹੈ। ਹਰ ਪਿੰਡ ਵਿਚ ਝਾਕੀ ਦਾ 10 ਤੋਂ 15 ਮਿੰਟ ਦਾ ਠਹਿਰਾਓ ਹੋਵੇਗਾ।

ਮੁੱਖ ਮੰਤਰੀ ਨੇ 27 ਦਸੰਬਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਕੌਮੀ ਪਰੇਡ ’ਚੋਂ ਬਾਹਰ ਕਰ ਦਿੱਤਾ ਹੈ। ਉਸ ਮਗਰੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਰਕ ਦਿੱਤਾ ਸੀ ਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਣ ਕਰਕੇ ਰੱਦ ਹੋਈ ਹੈ। ਉਸ ਮਗਰੋਂ ਕੇਂਦਰੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਮੋੜਵਾਂ ਵਾਰ ਕੀਤਾ ਸੀ ਕਿ ਜਾਖੜ ਦਾ ਝੂਠ ਨੰਗਾ ਹੋ ਗਿਆ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਝਾਕੀ ਨੂੰ ਰੋਡ ਸ਼ੋਅ’ਜ ਦਾ ਹਿੱਸਾ ਵੀ ਬਣਾਇਆ ਜਾਵੇਗਾ। ਹਰ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ ਮਸ਼ਵਰੇ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਝਾਕੀ ਲਿਜਾਣ ਦਾ ਰੂਟ ਪਲਾਨ ਤਿਆਰ ਕੀਤਾ ਜਾਵੇਗਾ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਝਾਕੀ ਨੂੰ ਰੱਦ ਕੀਤੇ ਜਾਣ ਦਾ ਸਿਆਸੀ ਲਾਹਾ ਚੋਣਾਂ ਵਿਚ ਖੱਟਣਾ ਚਾਹੁੰਦੀ ਹੈ।

LEAVE A REPLY

Please enter your comment!
Please enter your name here