ਹਵਾਈ ਜਹਾਜ ਦੀ ਖਿੜਕੀ ਖੋਲ੍ਹ ਕੇ ਯਾਤਰੀ ਨੇ ਹੇਠਾਂ ਛਾਲ ਮਾਰੀ
ਵੈਨਕੂਵਰ : ਟਰਾਂਟੋਂ ਹਵਾਈ ਅੱਡੇ ਤੋਂ ਦੁਬਈ ਲਈ ਉਡਾਨ ਭਰਨ ਲਈ ਤਿਆਰ ਜਹਾਜ ਦੇ ਇੱਕ ਯਾਤਰੀ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਸਖਤ ਜਖਮੀ ਹੋਏ ਯਾਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਯਾਤਰੀ ਨੇ ਇੰਜ ਕਿਉਂ ਕੀਤਾ ? ਟੋਰਾਂਟੋ ਹਵਾਈ ਅੱਡਾ ਸੂਤਰਾਂ ਅਨੁਸਾਰ ਏਅਰ ਕੈਨੇਡਾ ਦਾ ਦੁਬਈ ਜਾਣ ਵਾਲਾ ਜਹਾਜ 319 ਯਾਤਰੀ ਲੈ ਕੇ ਉਡਾਣ ਭਰਨ ਲਈ ਗੇਟ ਤੋਂ ਰਨਵੇਅ ਜਾਣ ਲਈ ਤਿਆਰ ਸੀ, ਜਦ ਇੱਕ ਯਾਤਰੀ ਨੇ ਸੱਜੇ ਪਾਸੇ ਵਾਲੀ ਖਿੜਕੀ ਖੋਲ੍ਹ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਜਖਮੀ ਹੋਏ ਯਾਤਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਕਾਰਨ ਜਹਾਜ ਕੁਝ ਦੇਰੀ ਨਾਲ ਉਡਾਣ ਭਰ ਸਕਿਆ। ਪੁਲੀਸ ਪਤਾ ਲਗਾ ਰਹੀ ਹੈ ਯਾਤਰੀ ਨੂੰ ਕੋਈ ਤਕਲੀਫ ਹੋਈ, ਸ਼ਰਾਰਤ ਸੁੱਝੀ ਜਾਂ ਇਸ ਦਾ ਕੋਈ ਹੋਰ ਮੰਤਵ ਤਾਂ ਨਹੀਂ ਸੀ। ਏਅਰ ਕੈਨੇਡਾ ਵਲੋਂ ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਸ ਘਟਨਾ ਕਾਰਨ ਉਡਾਣ ਨੰਬਰ ਏਸੀ 56 ਨੂੰ ਢਾਈ ਘੰਟੇ ਦੇਰੀ ਨਾਲ ਉਸ ਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।