ਹਜ਼ਾਰਾਂ ਕਿਸਾਨ ਕੇਂਦਰ ਖ਼ਿਲਾਫ ਟਰੈਕਟਰ ਪਰੇਡ ’ਚ ਸ਼ਾਮਲ ਹੋਣਗੇ
ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਖਲਿਾਫ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਯੂਨੀਅਨ ਦੇ ਹਜਾਰਾਂ ਵਰਕਰ ਸਾਮਲ ਹੋਣਗੇ ਅਤੇ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਛੇਤੀ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਕਨਵੈਨਸ਼ਨ ਵਿੱਚ ਕੀਤੀ ਜਾ ਰਹੀ ਹੈ। ਕਿਸਾਨ ਯੂਨੀਅਨ ਦੀ ਮੀਟਿੰਗ ਮਗਰੋਂ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਐੱਮਐੱਸਪੀ ’ਤੇ ਗਾਰੰਟੀ, ਕਿਸਾਨਾਂ ਖਲਿਾਫ ਦਰਜ ਪਰਚੇ ਰੱਦ ਕਰਨ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ, ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਦੇਣ, ਫਸਲ ਬੀਮਾ ਯੋਜਨਾ ਲਾਗੂ ਕਰਨ, ਕਿਸਾਨਾਂ ਨੂੰ ਪੈਨਸ਼ਨ ਯੋਜਨਾ ਲਾਗੂ ਕਰਨ ਦੇ ਵਾਅਦੇ ਕੀਤੇ ਸਨ ਪਰ ਹਾਲੇ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਪੁੱਟਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਮੁੜ ਮੈਦਾਨ ਵਿੱਚ ਨਿੱਤਰਨਾ ਪੈ ਰਿਹਾ ਹੈ। ਉਨ੍ਹਾਂ ਨੇ ਹਿੱਟ ਐੱਡ ਰਨ ਕਾਨੂੰਨ ਖਿਲਾਫ਼ ਟਰੱਕ ਅਪਰੇਟਰਾਂ ਦਾ ਸਮਰਥਨ ਕਰਨ ਦਾ ਵੀ ਐਲਾਨ ਕੀਤਾ।