ਛੇ ਮੈਂਬਰੀ ਸਿੱਟ ਨੇ ਮਜੀਠੀਆ ਤੋਂ ਕੀਤੀ ਪੁੱਛਗਿੱਛ
ਪਟਿਆਲਾ : ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਲਈ ਛੇ ਮੈਂਬਰੀ ਸਿੱਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਨਸਾ ਤਸਕਰੀ ਮਾਮਲੇ ਵਿੱਚ ਛੇ ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਝੰਡਾ ਲਹਿਰਾਉਣ ਤੋਂ ਪਹਿਲਾਂ ਪਹਿਲਾਂ ਉਹ ਪੰਜਾਬ ਦੇ ਇੱਕ ਮੰਤਰੀ ਦੀ ਉਹਨਾਂ ਕੋਲ ਮੌਜੂਦ ਅਸਲੀਲ ਵੀਡੀਓ ਕਿਸੇ ਅਜਿਹੀ ਅਥਾਰਟੀ ਨੂੰ ਸੌਂਪਣਗੇ, ਜੋ ਨਿਰਪੱਖ ਜਾਂਚ ਯਕੀਨੀ ਬਣਾ ਸਕੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਭਗਵੰਤ ਮਾਨ ਦੀ ਵਾਰੀ ਆਈ, ਤਾਂ ਉਸ ਨੂੰ ਵੱਟ ਵੱਟ ਭਜਾਵਾਂਗੇ।
ਸਿੱਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਸੀ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜੇ ਉਨ੍ਹਾਂ ਨੂੰ ਅੰਦਰ ਭੇਜਣਾ ਹੈ ਤਾਂ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਜਾਵੇ। ਮਜੀਠੀਆ ਨੇ ਇਸ ਟੀਮ ਵਿੱਚ ਸਾਮਲ ਕੀਤੇ ਧੂਰੀ ਦੇ ਐੱਸਪੀ ਯਗੇਸ ਸਰਮਾ ਬਾਰੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਚਹੇਤੇ ਅਧਿਕਾਰੀ ਨੂੰ ਵਿਸੇਸ ਤੌਰ ‘ਤੇ ਸਿੱਟ ਚ ਸਾਮਲ ਕੀਤਾ ਹੈ ਤਾਂ ਜੋ ਉਹ ਉਸ ਨੂੰ ਪਲ-ਪਲ ਦੀ ਜਾਣਕਾਰੀ ਦਿੰਦਾ ਰਹੇ। ਇਸ ਮੌਕੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ, ਜਿਨ੍ਹਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਾਜੂ ਖੰਨਾ ਸਮੇਤ ਕਈ ਹੋਰ ਸਾਮਲ ਹਨ। ਚੰਡੀਗੜ੍ਹ ਦੇ ਮੇਅਰ ਲਈ ਕਾਂਗਰਸ ਤੇ ਆਪ ਦੀ ਸਾਂਝ ਨੂੰ ਉਨ੍ਹਾਂ ਦੋਨਾਂ ਪਾਰਟੀਆਂ ਲਈ ਅਨੈਤਿਕ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਉਸ ਨੂੰ ਫਸਾਉਣ ਲਈ ਵਧੇਰੇ ਚਾਰਾਜੋਈ ਕਰਨੀ ਪੈ ਰਹੀ ਹੈ, ਕਿਉਂਕਿ ਇਹ ਪੰਜਵੀਂ ਸਿੱਟ ਬਣਾਈ ਗਈ ਹੈ।