ਅਕਾਲੀ ਦਲ ਨੂੰ ਰਾਮ ਮੰਦਰ ਸਮਾਗਮ ਲਈ ਸੱਦਾ ਨਹੀਂ ਮਿਲਿਆ: ਚੰਦੂਮਾਜਰਾ
ਸ੍ਰੀ ਆਨੰਦਪੁਰ ਸਾਹਿਬ : ਅਯੁੱਧਿਆ ਵਿੱਚ ਬਣੇ ਰਾਮ ਮੰਦਰ ਦੇ ਮੂਰਤੀ ਸਥਾਪਨ ਸਮਾਗਮ ਸਬੰਧੀ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ ਪਰ ਕਿਸੇ ਸਮੇਂ ਭਾਜਪਾ ਨਾਲ ਨਹੁੰ-ਮਾਸ ਦਾ ਰਿਸਤਾ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਲੇ ਤੱਕ ਇਸ ਸਬੰਧੀ ਸੱਦਾ ਪੱਤਰ ਨਹੀਂ ਮਿਲਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਾਮ ਮੰਦਰ ਸਮਾਗਮ ’ਚ ਸਾਮਲ ਹੋਣ ਸਬੰਧੀ ਹਾਲੇ ਤੱਕ ਕੋਈ ਸੱਦਾ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਨਿੱਜੀ ਤੌਰ ’ਤੇ ਇਸ ਸਮਾਗਮ ਵਿੱਚ ਜਾ ਸਕਦਾ ਹੈ ਪਰ ਜੇ ਪਾਰਟੀ ਪੱਧਰ ’ਤੇ ਸੱਦਾ ਮਿਲੇਗਾ ਤਾਂ ਇਸ ’ਤੇ ਸਾਂਝੇ ਤੌਰ ’ਤੇ ਵਿਚਾਰ ਕੀਤਾ ਜਾਵੇਗਾ। ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਮਾੜੇ ਹਾਲਾਤ ਅਤੇ ਸੂਬੇ ਅੰਦਰ ਨਸਅਿਾਂ ਦੇ ਵੱਧ ਰਹੇ ਰੁਝਾਨ ਬਾਰੇ ਦਿੱਤੇ ਬਿਆਨ ਸਬੰਧੀ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਉੱਪਰ ਹੋਈ ਕਾਰਵਾਈ ਸਿੱਧੇ ਤੌਰ ’ਤੇ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਖਹਿਰਾ ਜਿਸ ਪਾਰਟੀ ਨਾਲ ਸਬੰਧਤ ਹਨ, ਉਹ ਪਾਰਟੀ ਇਨ੍ਹਾਂ ਵਧੀਕੀਆਂ ਦੇ ਬਾਵਜੂਦ ਸੂਬੇ ਦੀ ਸੱਤਾਧਾਰੀ ਪਾਰਟੀ ਨਾਲ ਚੋਣ ਸਮਝੌਤਾ ਕਰਨ ਲਈ ਇੰਨੀ ਤਰਲੋ ਮੱਛੀ ਕਿਉਂ ਹੋ ਰਹੀ ਹੈ।
