ਕਾਂਗਰਸ ਵਿੱਚੋਂ ਕੱਢੇ ਜਾਣ ਬਾਰੇ ਕੋਈ ਨੋਟਿਸ ਨਹੀਂ ਮਿਲਿਆ: ਪ੍ਰਨੀਤ ਕੌਰ
ਡੇਰਾਬੱਸੀ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੋ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ ਉਸ ਸਬੰਧੀ ਉਨ੍ਹਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ। ਸੰਸਦ ਮੈਂਬਰ ਅੱਜ ਇਥੇ ਕਿਸੇ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਮੌਕੇ ਪਟਿਆਲਾ ਲੋਕ ਸਭਾ ਹਲਕਾ ਅਕਾਲੀ ਦਲ ਦੇ ਖੇਮੇ ’ਚ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਲਕਾ ਵਾਸੀ ਉਨ੍ਹਾਂ ਨੂੰ ਅਥਾਹ ਪਿਆਰ ਕਰਦੇ ਹਨ ਤੇ ਇਹ ਲੋਕ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹਨ। ਇਸ ਤੋਂ ਬਿਨਾਂ ਹੋਰ ਸਭ ਕੁਝ ਉਨ੍ਹਾਂ ਲਈ ਦੂਜਾ ਸਥਾਨ ਰੱਖਦਾ ਹੈ।
