ਮੁੱਖ ਮੰਤਰੀ ਵੱਲੋਂ ਗੈਰਕਾਨੂੰਨੀ ਖਣਨ ਰੋਕਣ ਲਈ ਵੱਡੀ ਕਾਰਵਾਈ ਹੋਵੇਗੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰਕਾਨੂੰਨੀ ਖਣਨ ਨੂੰ ਠੱਲ੍ਹਣ ਲਈ ਡਿਪਟੀ ਕਮਿਸ਼ਨਰਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੀਸੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਜਿਿਲ੍ਹਆਂ ਵਿੱਚ ਕਿਸੇ ਤਰ੍ਹਾਂ ਦਾ ਗੈਰਕਾਨੂੰਨੀ ਖਣਨ ਨਾ ਹੋਵੇ। ਉਨ੍ਹਾਂ ਕਿਹਾ, ‘‘ਮੈਂ ਤੁਹਾਡਾ ਬੌਸ ਹਾਂ ਤੇ ਇਹ ਮੇਰਾ ਤੁਹਾਨੂੰ ਸਿੱਧਾ ਆਦੇਸ਼ ਹੈ..ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਤੇ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖਲਿਾਫ ਤੁਰੰਤ ਕਾਰਵਾਈ ਕਰਨੀ ਹੈ।’’ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ’ਚ ਕਿਹਾ ਸੀ ਕਿ ਗੈਰਕਾਨੂੰਨੀ ਖਣਨ ਰੋਕਣ ਸਮੇਂ ਜੇਕਰ ਕੋਈ ਸਿਆਸੀ ਆਗੂ ਦਖਲ ਦਿੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਜਾਣੂ ਕਰਵਾਇਆ ਜਾਵੇ। ਵਿਰੋਧੀ ਧਿਰਾਂ ਵੱਲੋਂ ‘ਆਪ’ ’ਤੇ ਗੈਰਕਾਨੂੰਨੀ ਖਣਨ ਸਬੰਧੀ ਲਾਏ ਜਾ ਰਹੇ ਦੋਸ਼ਾਂ ਕਾਰਨ ਮੁੱਖ ਮੰਤਰੀ ਫਿਕਰਮੰਦ ਦਿਖੇ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਰਾਜ ਮਾਈਨਰ ਮਿਨਰਲ ਮਾਈਨਿੰਗ ਨੀਤੀ 2023, ਖਾਣਾਂ ਦੀ ਇਲੈਕਟ੍ਰੌਨਿਕ ਨਿਗਰਾਨੀ ਤੇ ਜੀਓ-ਟੈਗਿੰਗ ਲਈ ਮੁਹੱਈਆ ਕਰਵਾਈ ਜਾਣੀ ਸੀ ਪਰ ਕਥਿਤ ਤੌਰ ’ਤੇ ਅਜਿਹਾ ਨਹੀਂ ਕੀਤਾ ਗਿਆ। ਕੰਟਰੋਲਰ ਅਤੇ ਆਡਿਟਰ ਜਨਰਲ ਨੇ ਆਪਣੀ ਸਾਲਾਨਾ ਸਮੀਖਿਆ ਰਿਪੋਰਟ ਵਿੱਚ ਵੀ ਇਸ ਵਿਗਾੜ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਣਨ ਤੋਂ ਮਾਲੀਏ ਵਿੱਚ ਵਾਧਾ ਕਰਨ ਅਤੇ ਲੋਕਾਂ ਨੂੰ ਸਹੀ ਮੁੱਲ ’ਤੇ ਰੇਤਾ, ਬਜਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਹੈ ਕਿ ਇਸ ਸਾਲ ਮਾਈਨਿੰਗ ਤੋਂ ਹੋਣ ਵਾਲੀ ਆਮਦਨ 225.50 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ, ਜੋ ਇਸ ਵਿੱਤੀ ਵਰ੍ਹੇ ਦੇ ਅਖੀਰ ਤੱਕ 300 ਕਰੋੜ ਤੱਕ ਜਾ ਸਕਦੀ ਹੈ। ਪਿਛਲੇ ਸਾਲ ਮਾਈਨਿੰਗ ਅਤੇ ਵਿਕਰੀ ਤੋਂ 247 ਕਰੋੜ ਰੁਪਏ ਦੀ ਆਮਦਨ ਹੋਈ ਸੀ।
