ਕਿਸਾਨਾਂ ਦਾ ਦਿੱਲੀ ਕੂਚ ਨੂੰ ਅਸਫਲ ਕਰਨ ਲਈ ਸਰਹੱਦਾਂ ਸੀਲ
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸਨਰ ਸੌਕਤ ਅਹਿਮਦ ਪਰੇ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜਰ ਹਰਿਆਣਾ ਪੁਲੀਸ ਨੇ ਸੰਭੂ ਟੌਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ। ਅੰਬਾਲਾ ਦੇ ਐੱਸਐੱਸਪੀ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸਨਰ ਨੇ ਦੱਸਿਆ ਕਿ ਅੰਬਾਲਾ ਪੁਲੀਸ ਵਲੋਂ ਅੰਬਾਲਾ-ਦਿੱਲੀ ਆਉਣ ਵਾਲੀ ਟ੍ਰੈਫਿਕ ਨੂੰ ਬਦਲਵੇਂ ਰੂਟ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਸੰਭੂ ਤੋਂ ਅੰਬਾਲਾ ਵਾਲੀ ਆਵਾਜਾਈ ਨੂੰ ਸੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਸੀ-ਅੰਬਾਲਾ-ਦਿੱਲੀ ਰੂਟ ਤੋਂ ਇਲਾਵਾ ਸੰਭੂ-ਰਾਜਪੁਰਾ-ਬਨੂੜ-ਪੰਚਕੂਲਾ-ਨਾਢਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ-ਸਾਹਬਾਦ-ਦਿੱਲੀ ਦਾ ਰੂਟ ਲਿਆ ਜਾ ਸਕਦਾ ਹੈ। ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸੇਤਰਾ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਵਾਲਾ ਰਸਤਾ ਅਪਣਾਇਆ ਜਾ ਸਕਦਾ ਹੈ। 10 ਫਰਵਰੀ ਤੋਂ ਅਗਲੀ ਸੂਚਨਾ ਤੱਕ ਪਟਿਆਲਾ-ਰਾਜਪੁਰਾ-ਸੰਭੂ ਰਸਤੇ ਅੰਬਾਲਾ-ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਉਪਰੋਕਤ ਦਰਸਾਏ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ।
