ਸਿੱਧੂ ਮੂਸੇਵਾਲਾ ਦੀ ਮਾਂ ਬੱਚੇ ਨੂੰ ਦੇਵੇਗੀ ਜਨਮ
ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਖੁਸ਼ੀਆਂ ਆਉਣ ਵਾਲੀਆਂ ਹਨ। ਉਸ ਦੀ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ। ਉਨ੍ਹਾਂ ਨੇ ਆਈਵੀਐੱਫ ਵਿਧੀ ਨੂੰ ਅਪਣਾਇਆ ਹੈ ਅਤੇ ਫਿਲਹਾਲ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਹਨ। ਸਿੱਧੂ ਮੂਸੇਵਾਲੇ ਦੇ ਜਾਣ ਦਾ ਸਾਰੇ ਪਾਸਿਓਂ ਬਹੁਤ ਦੁੱਖ ਮਨਾਇਆ ਗਿਆ ਸੀ ਅਤੇ ਲੋਕਾਂ ਵਲੋਂ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਸਫਰ ਸੁਰੂ ਕਰਨ ਲਈ ਆਖਿਆ ਜਾ ਰਿਹਾ ਸੀ। ਮੂਸੇਵਾਲਾ ਦੇ ਮਾਤਾ ਚਰਨ ਕੌਰ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਗਾਇਕ ਦੇ ਪ੍ਰਸੰਸਕਾਂ ਨੂੰ ਮਿਲ ਵੀ ਨਹੀਂ ਰਹੇ ਸਨ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਘਰ ਵਿੱਚ ਬੱਚੇ ਦੇ ਮਾਰਚ ਮਹੀਨੇ ਜਨਮ ਲੈਣ ਦੀ ਪੁਸ਼ਟੀ ਕੀਤੀ ਹੈ।
