ਅਸਤੀਫ਼ਾ ਦੇਣ ਪਿੱਛੇ ਮੇਰੇ ਪਰਿਵਾਰਕ ਤੇ ਨਿੱਜੀ ਕਾਰਨ: ਰਾਜਪਾਲ ਪੁਰੋਹਿਤ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਅਸਤੀਫ਼ਾ ਨਿੱਜੀ ਕਾਰਨ ਕਰਕੇ ਦਿੱਤਾ ਸੀ। ਫਿਲਹਾਲ ਉਨ੍ਹਾਂ ਨੂੰ ਕੰਮ ਕਰਦੇ ਰਹਿਣ ਲਈ ਕਿਹਾ ਗਿਆ ਹੈ। ਇਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਪੁਰੋਹਿਤ ਨੇ ਚੰਡੀਗੜ੍ਹ ਪ੍ਰਸ਼ਾਸਕ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਗੱਲ ਕੀਤੀ। ਅਸਤੀਫ਼ੇ ਦੇ ਅਸਲ ਕਾਰਨ ਬਾਰੇ ਉਨ੍ਹਾਂ ਕਿਹਾ, ‘ਮੈਂ ਅਸਤੀਫਾ ਭੇਜ ਦਿੱਤਾ ਹੈ ਪਰ ਉਹ ਮੈਨੂੰ ਨਹੀਂ ਛੱਡ ਰਹੇ ਅਤੇ ਮੈਨੂੰ ਕੰਮ ਜਾਰੀ ਰੱਖਣ ਲਈ ਕਿਹਾ ਹੈ।’ ਉਨ੍ਹਾਂ ਕਿਹਾ ਕਿ ਅਸਤੀਫ਼ੇ ਲਈ ਉਨ੍ਹਾਂ ਨੇ ਜੋ ਕਾਰਨ ਦਿੱਤੇ ਹਨ, ਉਹ ਸਿਰਫ਼ ਉਨ੍ਹਾਂ ਦੇ ਪਰਿਵਾਰਕ ਅਤੇ ਨਿੱਜੀ ਹਨ। ਰਾਜਪਾਲ ਨੇ ਕਿਹਾ,‘ਮੇਰੀ ਪਤਨੀ ਨਾਗਪੁਰ ਤੋਂ ਇੱਥੇ ਆਈ ਸੀ ਪਰ 10 ਦਿਨਾਂ ਬਾਅਦ ਵਾਪਸ ਚਲੀ ਗਈ। ਮੇਰਾ ਪਰਿਵਾਰ ਮੈਨੂੰ ਚੇਤੇ ਕਰ ਰਿਹਾ ਹੈ। ਮੈਂ ਭਾਰਤੀ ਵਿਦਿਆ ਭਵਨ ਦਾ ਅੰਤਰਰਾਸ਼ਟਰੀ ਉਪ ਪ੍ਰਧਾਨ ਵੀ ਹਾਂ ਅਤੇ ਮੈਂ 1984 ਵਿੱਚ ਨਾਗਪੁਰ ਕੇਂਦਰ ਦੀ ਸ਼ੁਰੂਆਤ ਕੀਤੀ ਸੀ।’ ਪੁਰੋਹਿਤ ਨੇ ਪਿਛਲੇ ਮਹੀਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ ਸੀ।