ਅੰਮਿ੍ਰਤਸਰ ਤੋਂ ਬਗੈਰ ਹੋਰ ਕਿਸੇ ਥਾਂ ਤੋਂ ਚੋਣ ਨਹੀਂ ਲੜਾਂਗਾ: ਨਵਜੋਤ ਸਿੱਧੂ
ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਆਖਿਆ ਕਿ ਅੰਮਿ੍ਰਤਸਰ ਵਾਸੀਆਂ ਨਾਲ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣ ਲੜੇਗਾ ਤਾਂ ਸਿਰਫ ਅੰਮਿ੍ਰਤਸਰ ਤੋਂ ਹੀ ਲੜੇਗਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਗੌਰ ਨਾ ਕੀਤੀ ਜਾਵੇ ਸਗੋਂ ਉਸ ਵੱਲੋਂ ਕੀਤੇ ਵਾਅਦੇ ਵੱਲ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜਵਾਬ ਦਿੰਦਿਆਂ ਕਿਹਾ ਕਿ ਉਹ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਥਾਂ ਸਿੱਧੀ ਤੇ ਸਪਸ਼ਟ ਗੱਲ ਕਰਨ। ਸਿੱਧੂ ਨੇ ਕਿਹਾ ਕਿ ਜਦੋਂ ਉਸ ਨੂੰ ਅੰਮਿ੍ਰਤਸਰ ਤੋਂ ਚੋਣ ਲੜਨ ਲਈ ਕਿਹਾ ਗਿਆ ਸੀ ਤਾਂ ਉਸ ਵੇਲੇ ਉਸ ਨੇ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਿਰਫ ਅੰਮਿ੍ਰਤਸਰ ਤੋਂ ਹੀ ਚੋਣ ਲੜੇਗਾ ਕਿਉਂਕਿ ਅੰਮਿ੍ਰਤਸਰ ਉਸ ਦੀ ਕਰਮ ਭੂਮੀ ਹੈ ਤੇ ਗੁਰੂ ਦਾ ਦਰ ਹੈ। ਜੇਕਰ ਉਹ ਅੰਮਿ੍ਰਤਸਰ ਤੋਂ ਚੋਣ ਨਹੀਂ ਲੜੇਗਾ ਤਾਂ ਕਿਤੋਂ ਵੀ ਚੋਣ ਨਹੀਂ ਲੜੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਟਿਕਟ ਨਹੀਂ ਮੰਗਦਾ ਨਾ ਹੀ ਉਸ ਨੂੰ ਕੋਈ ਲਾਲਚ ਹੈ, ਉਹ ਤਾਂ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ ਹੈ।
ਸ੍ਰੀ ਸਿੱਧੂ ਨੇ ਦੁਹਰਾਇਆ ਕਿ ਭਗਵੰਤ ਮਾਨ ਨੂੰ ਪੁੱਛੋ ਕਿ ਉਨ੍ਹਾਂ ਉਸ (ਸਿੱਧੂ) ਦੇ ਡਿਪਟੀ ਸੀਐੱਮ ਵਜੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ ਜਾਂ ਨਹੀਂ। ਇਸ ਤੋਂ ਇਲਾਵਾ ਉਸ (ਸਿੱਧੂ) ਨੂੰ ਆਮ ਆਦਮੀ ਪਾਰਟੀ ਦਾ ਸੀਐੱਮ ਚਿਹਰਾ ਬਣਾ ਕੇ ਤੇ ਆਪ ਡਿਪਟੀ ਸੀਐਮ ਬਣ ਕੇ ਕੰਮ ਕਰਨ ਬਾਰੇ ਵੀ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਦਿਆਂ ’ਤੇ ਗੱਲ ਕੀਤੀ ਜਾਵੇ।