ਾਦਿਵਾਸੀ ਭਾਈਚਾਰਿਆਂ ਨੂੰ ਆਪਣੇ ਜੀਵਨ ’ਚ ਕਈ ਵਾਰ ਉਜਾੜੇ ਦਾ ਸਾਹਮਣਾ ਕਰਨਾ ਪਿਆ : ਰਾਹੁਲ
ਗੁਜਰਾਤ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਦਲਿਤ, ਕਬਾਇਲੀ ਅਤੇ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਲਗਭਗ 70 ਨੇਤਾਵਾਂ ਨਾਲ ਗੱਲਬਾਤ ਕੀਤੀ। ਕਾਂਗਰਸ ਨੇਤਾ ਨਾਲ ਗੱਲਬਾਤ ਦਾ ਇਹ ਪ੍ਰੋਗਰਾਮ ਕੁੰਵਰਪਾਰਾ ਵਿੱਚ ਹੋਇਆ। ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ ਕਿ ਨੇਤਾਵਾਂ ਨੇ ਗੱਲਬਾਤ ਦੌਰਾਨ ਇਹ ਤੱਥ ਉਭਾਰਿਆ ਕਿ ਗੁਜਰਾਤ ਵਿੱਚ ਕੁੱਝ ਆਦਿਵਾਸੀ ਭਾਈਚਾਰਿਆਂ ਨੂੰ ਆਪਣੇ ਜੀਵਨ ’ਚ ਕਈ ਵਾਰ ਉਜਾੜੇ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੂੰ ਅਕਸਰ ਢੁੱਕਵੇਂ ਮੁਆਵਜੇ ਅਤੇ ਮੁੜ ਵਸੇਬੇ ਤੋਂ ਬਿਨਾਂ ਤਿੰਨ-ਚਾਰ ਵਾਰ ਬੇਦਖਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਾਊਸਿੰਗ ਮਾਰਕੀਟ ਜਾਤੀ ਦੇ ਆਧਾਰ ’ਤੇ ਵੰਡੀ ਗਈ ਹੈ ਅਤੇ ਕਿਵੇਂ ਪਿਛਲੇ ਵੀਹ ਸਾਲਾਂ ਵਿੱਚ ਘੱਟ-ਗਿਣਤੀਆਂ ਹੋਰ ਵਧੇਰੇ ਕਮਜੋਰ ਹੋ ਗਈਆਂ ਹਨ। ਨੇਤਾਵਾਂ ਨੇ ਦਾਅਵਾ ਕੀਤਾ ਕਿ ਪਿਛਲੇ ਦੋ ਦਹਾਕਿਆਂ ’ਚ ਸੂਬੇ ਦੀ ਹਾਲਤ ਬਦਤਰ ਹੋਈ ਹੈ। ਉਨ੍ਹਾਂ ਕਿਹਾ ਦੁੱਧ ਦੇ ਖੇਤਰ ਵਿੱਚ ਸਹਿਕਾਰੀ ਸੰਸਥਾਵਾਂ ਵਰਗੀਆਂ ਸਿਵਲ ਸੁਸਾਇਟੀਆਂ ਨੂੰ ਸਿਆਸੀ ਕਬਜੇ ’ਚ ਲਿਆ ਗਿਆ ਹੈ।
ਇਸ ਮਗਰੋਂ ਭਰੂਚ ਜ਼ਿਲ੍ਹੇ ਦੇ ਨੇਤਰੰਗ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਾਤੀ ਜਨਗਣਨਾ ਇੱਕ ਕ੍ਰਾਂਤੀਕਾਰੀ ਕਦਮ ਹੋਵੇਗਾ, ਜੋ ਭਾਰਤ ਦੀ ਦੌਲਤ ਅਤੇ ਸੰਸਥਾਵਾਂ ਵਿੱਚ ਹਰੇਕ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦਾ ਹੈ। ਰਾਹੁਲ ਦੀ ਰੈਲੀ ਮੌਕੇ ਭਰੂਚ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੈਤਰ ਵਸਾਵਾ ਉਨ੍ਹਾਂ ਦੇ ਨਾਲ ਖੜ੍ਹੇ ਸਨ। ਸੂਬੇ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਚੋਣ ਗੱਠਜੋੜ ਕਰਨ ਵਾਲੀ ‘ਆਪ’ ਦੇ ਆਗੂ ਤੇ ਵਰਕਰ ਇਸ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਇਹ ਯਾਤਰਾ ਛੋਟਾ ਉਦੈਪੁਰ ਜਲ੍ਹਿੇ ਦੇ ਬੋਦੇਲੀ ਤੋਂ ਸ਼ੁਰੂ ਹੋਈ ਸੀ ਅਤੇ ਐਤਵਾਰ ਨੂੰ ਇਹ ਯਾਤਰਾ ਮਹਾਰਾਸ਼ਟਰ ਵਿੱਚ ਦਾਖਲ ਹੋਵੇਗੀ।