ਹਰਦੀਪ ਨਿੱਝਰ ਦੀ ਹੱਤਿਆ ਦੀ ਵੀਡੀਓ ਫੁਟੇਜ ਆਈ ਸਾਹਮਣੇ
ਓਟਵਾ, ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਵਿਅਕਤੀ ਨਿੱਝਰ ਨੂੰ ਗੋਲੀਆਂ ਮਾਰਦੇ ਹੋਏ ਨਜਰ ਆ ਰਹੇ ਹਨ। ਇਹ ਜਾਣਕਾਰੀ ਕੈਨੇਡਾ ਆਧਾਰਿਤ ਸੀਬੀਸੀ ਨਿਊਜ ਦੀ ਇੱਕ ਰਿਪੋਰਟ ’ਚ ਦਿੱਤੀ ਗਈ। ਨਿੱਝਰ ਜਿਸ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈ) ਨੇ 2020 ਵਿੱਚ ਅਤਿਵਾਦੀ ਐਲਾਨਿਆ ਸੀ, ਦੀ 18 ਜੂਨ 2023 ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿੱੱਚ ਇੱਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀਬੀਸੀ ਨਿਊਜ ਨੇ ਕਿਹਾ ਕਿ ਇਹ ਵੀਡੀਓ ਫੁਟੇਜ ‘ਦਿ ਫਿਫਥ ਅਸਟੇਟ’ ਤੋਂ ਪ੍ਰਾਪਤ ਹੋਈ ਹੈ ਅਤੇ ਇੱਕ ਤੋਂ ਵੱਧ ਸੂਤਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਹਮਲੇ ਨੂੰ ‘ਬਹੁਤ ਜਅਿਾਦਾ ਤਾਲਮੇਲ ਵਾਲਾ’ ਦੱਸਿਆ ਗਿਆ ਹੈ ਜਿਸ ਵਿੱਚ ਛੇ ਵਿਅਕਤੀ ਅਤੇ ਦੋ ਵਾਹਨ ਸ਼ਾਮਲ ਸਨ।
ਦੱਸਣਯੋਗ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਕਥਿਤ ਨਿਸ਼ਾਨਾ ਬਣਾ ਕੇ ਕੀਤੀ ਹੱਤਿਆ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ ਪਰ ਭਾਰਤ ਨੇ ਇਸ ਦਾਅਵੇ ਦਾ ਖੰਡਨ ਕੀਤਾ ਸੀ। ਇਸ ਮਗਰੋਂ ਕੈਨੇਡਾ-ਭਾਰਤ ਦੁਵੱਲੇ ਕੂਟਨੀਤਕ ਸਬੰਧਾਂ ’ਚ ਵਿਗਾੜ ਪੈਦਾ ਹੋ ਗਿਆ ਸੀ।
ਵੀਡੀਓ ਫੁਟੇਜ ’ਚ ਹਰਦੀਪ ਸਿੰਘ ਨਿੱਝਰ ਆਪਣੇ ਪਿਕਅੱਪ ਟਰੱਕ ’ਤੇ ਗੁਰਦੁਆਰੇ ਦੀ ਪਾਰਕਿੰਗ ’ਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ। ਸੀਬੀਸੀ ਨਿਊਜ ਦੀ ਖਬਰ ਮੁਤਾਬਕ ਜਦੋਂ ਉਹ ਨਿਕਾਸੀ ਦੁਆਰ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆਈ ਸਫੈਦ ਕਾਰ ਨੇ ਟਰੱਕ ਨੂੰ ਰੋਕ ਲਿਆ। ਉਸ ਵਿੱਚੋਂ ਦੋ ਵਿਅਕਤੀ ਨਿਕਲੇ ਅਤੇ ਨਿੱਝਰ ਨੂੰ ਗੋਲੀਆਂ ਮਾਰਨ ਮਗਰੋਂ ਟੋਯੋਟਾ ਕੈਮਰੀ ਕਾਰ ’ਚ ਫਰਾਰ ਹੋ ਗਏ।
ਦੋ ਵਿਅਕਤੀਆਂ ਜਿਹੜੇ ਘਟਨਾ ਵਾਪਰਨ ਮੌਕੇ ਨੇੜਲੇ ਮੈਦਾਨ ’ਚ ਫੁਟਬਾਲ ਖੇਡ ਰਹੇ ਸਨ, ਨੇ ਖੁਲਾਸਾ ਕੀਤਾ ਕਿ ਗੋਲੀਆਂ ਚੱਲਣ ਦੀ ਆਵਾਜ ਸੁਣ ਕੇ ਉਹ ਉਥੇ ਪਹੁੰਚੇ ਅਤੇ ਹਮਲਾਵਰਾਂ ਦਾ ਪਿੱਛਾ ਕੀਤਾ। ਭੁਪਿੰਦਰਜੀਤ ਸਿੰਘ ਨੇ ‘ਦਿ ਫਿਫਥ ਅਸਟੇਟ’ ਨੂੰ ਦੱਸਿਆ ਕਿ ਉਸ ਨੇ ਨਿੱਝਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਭੁਪਿੰਦਰਜੀਤ ਮੁਤਾਬਕ, ‘‘ਮੈਂ ਉਸ ਨੂੰ ਹਿਲਾ ਕੇ ਦੇਖਿਆ। ਉਹ ਬੇਹੋਸ਼ ਸੀ ਤੇ ਉਸ ਦੇ ਸਾਹ ਬੰਦ ਹੋ ਗਏ ਸਨ।’’ ਮਲਕੀਤ ਸਿੰਘ ਕਿਹਾ ਕਿ ਉਸ ਨੇ ਦੋ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਉਥੇ ਪਹੁੰਚੀ ਟੋਯੋਟਾ ਕੈਮਰੀ ’ਚ ਬੈਠ ਕੇ ਫਰਾਰ ਹੋ ਗਏ, ਜਿਸ ਵਿੱਚ ਤਿੰਨ ਹੋਰ ਵਿਅਕਤੀ ਬੈਠੇ ਹੋਏ ਸਨ। ਦੂਜੇ ਪਾਸੇ ਘਟਨਾ ਦੇ ਨੌਂ ਮਹੀਨਿਆਂ ਬਾਅਦ ਵੀ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨਿੱਝਰ ਕਤਲ ਮਾਮਲੇ ’ਚ ਹਾਲੇ ਤੱਕ ਕਿਸੇ ਸ਼ੱਕੀ ਦਾ ਨਾਮ ਪਤਾ ਨਹੀਂ ਲਾ ਸਕੀ ਤੇ ਨਾ ਹੀ ਇਸ ਸਬੰਧੀ ਕੋਈ ਗਿ੍ਰਫਤਾਰੀ ਹੋਈ ਹੈ